25 ਸਾਲ ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ! ਸੱਟ ਨੇ ਤਬਾਹ ਕੀਤਾ ਤੇਜ਼ ਗੇਂਦਬਾਜ਼ ਦਾ ਕਰੀਅਰ

ਇੰਗਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੌਨ ਟਰਨਰ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲਗਾਤਾਰ ਪਿੱਠ ਦੀਆਂ ਸੱਟਾਂ ਅਤੇ ਸਟ੍ਰੈਸ ਫ੍ਰੈਕਚਰ ਕਾਰਨ ਉਹ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੈਦਾਨ ਤੋਂ ਬਾਹਰ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਸਮੇਂ ਤੋਂ ਪਹਿਲਾਂ ਵਿਰਾਮ ਦੇਣ ਦਾ ਔਖਾ ਫੈਸਲਾ ਲਿਆ ਹੈ।
ਲੰਡਨ: ਇੰਗਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੌਨ ਟਰਨਰ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲਗਾਤਾਰ ਪਿੱਠ ਦੀਆਂ ਸੱਟਾਂ ਅਤੇ ਸਟ੍ਰੈਸ ਫ੍ਰੈਕਚਰ ਕਾਰਨ ਉਹ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੈਦਾਨ ਤੋਂ ਬਾਹਰ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਸਮੇਂ ਤੋਂ ਪਹਿਲਾਂ ਵਿਰਾਮ ਦੇਣ ਦਾ ਔਖਾ ਫੈਸਲਾ ਲਿਆ ਹੈ।

ਅੰਤਰਰਾਸ਼ਟਰੀ ਕਰੀਅਰ ਸਿਰਫ 4 ਮੈਚਾਂ ਤੱਕ ਰਿਹਾ ਸੀਮਤ
ਜੌਨ ਟਰਨਰ ਨੇ ਸਾਲ 2024 ਵਿੱਚ ਵੈਸਟਇੰਡੀਜ਼ ਦੇ ਦੌਰੇ ਦੌਰਾਨ ਇੰਗਲੈਂਡ ਲਈ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇੰਗਲੈਂਡ ਲਈ ਦੋ ਵਨਡੇ (ODI) ਅਤੇ ਦੋ ਟੀ-20 (T20I) ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੁੱਲ 3 ਵਿਕਟਾਂ ਹਾਸਲ ਕੀਤੀਆਂ। ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਨੇ ਹੈਂਪਸ਼ਾਇਰ (Hampshire) ਲਈ 53 ਮੈਚਾਂ ਵਿੱਚ 97 ਵਿਕਟਾਂ ਲਈਆਂ ਸਨ।

ਸੱਟਾਂ ਕਾਰਨ ਲਿਆ ਫੈਸਲਾ
ਟਰਨਰ ਨੇ ਪਿਛਲੇ ਸਾਲ ਜੂਨ ਤੋਂ ਬਾਅਦ ਕੋਈ ਵੀ ਪੇਸ਼ੇਵਰ ਮੈਚ ਨਹੀਂ ਖੇਡਿਆ ਸੀ। ਲਗਾਤਾਰ ਰਿਹੈਬ ਅਤੇ ਵਾਪਸੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ। ਉਨ੍ਹਾਂ ਦਾ ਹੈਂਪਸ਼ਾਇਰ ਨਾਲ ਅਜੇ ਦੋ ਸਾਲ ਦਾ ਕਰਾਰ ਬਾਕੀ ਸੀ ਅਤੇ ਉਹ ਈ.ਸੀ.ਬੀ. (ECB) ਦੇ ਡਿਵੈਲਪਮੈਂਟ ਕੰਟਰੈਕਟ ਦਾ ਵੀ ਹਿੱਸਾ ਸਨ, ਪਰ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਖੇਡ ਛੱਡਣ ਦਾ ਫੈਸਲਾ ਕੀਤਾ।

ਭਾਵੁਕ ਹੋਏ ਟਰਨਰ
ਆਪਣੇ ਸੰਨਿਆਸ 'ਤੇ ਬੋਲਦਿਆਂ ਟਰਨਰ ਨੇ ਕਿਹਾ, "ਪੇਸ਼ੇਵਰ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਹਮੇਸ਼ਾ ਮੇਰਾ ਸੁਪਨਾ ਸੀ। ਹੈਂਪਸ਼ਾਇਰ ਅਤੇ ਇੰਗਲੈਂਡ ਲਈ ਖੇਡਣਾ ਮੇਰੇ ਬਚਪਨ ਦੇ ਸੁਪਨਿਆਂ ਨੂੰ ਜੀਣ ਵਰਗਾ ਰਿਹਾ। ਹਾਲਾਂਕਿ, ਸੱਟਾਂ ਦੇ ਰਿਕਾਰਡ ਨੇ ਮੈਨੂੰ ਕ੍ਰਿਕਟ ਤੋਂ ਬਾਹਰ ਆਪਣੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ"।

ਦੱਖਣੀ ਅਫ਼ਰੀਕਾ ਵਿੱਚ ਹੋਇਆ ਸੀ ਜਨਮ
ਜੌਨ ਟਰਨਰ ਦਾ ਜਨਮ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਹੋਇਆ ਸੀ, ਪਰ ਉਨ੍ਹਾਂ ਦੀ ਮਾਂ ਦੇ ਇੰਗਲਿਸ਼ ਹੋਣ ਕਾਰਨ ਉਨ੍ਹਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ। ਉਹ ਪੜ੍ਹਾਈ ਲਈ ਬ੍ਰਿਟੇਨ ਆਏ ਸਨ ਅਤੇ ਯੂਨੀਵਰਸਿਟੀ ਆਫ ਐਕਸੀਟਰ ਤੋਂ ਇਕਨਾਮਿਕਸ ਅਤੇ ਫਾਈਨੈਂਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਹੁਣ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨਗੇ।