ਪੰਜਾਬ ‘ਚ ਆਰਟੀਓ ਦਫ਼ਤਰ ਹੋਏ ਬੰਦ, ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੇ ਉਪਲਬਧ - ਭਗਵੰਤ ਮਾਨ ਨੇ ਕੀਤਾ 100% ਫੇਸਲੈੱਸ ਪ੍ਰਣਾਲੀ ਦਾ ਉਦਘਾਟਨ

ਪੰਜਾਬ ਸਰਕਾਰ ਨੇ ਸੂਬੇ ਦੀ ਟਰਾਂਸਪੋਰਟ ਪ੍ਰਣਾਲੀ ਵਿੱਚ ਇਤਿਹਾਸਕ ਕਦਮ ਚੁੱਕਦਿਆਂ ਸਾਰੀਆਂ ਆਰਟੀਓ (RTO) ਸੇਵਾਵਾਂ ਨੂੰ ਸੇਵਾ ਕੇਂਦਰਾਂ ‘ਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਸੂਬੇ ਦੀ ਟਰਾਂਸਪੋਰਟ ਪ੍ਰਣਾਲੀ ਵਿੱਚ ਇਤਿਹਾਸਕ ਕਦਮ ਚੁੱਕਦਿਆਂ ਸਾਰੀਆਂ ਆਰਟੀਓ (RTO) ਸੇਵਾਵਾਂ ਨੂੰ ਸੇਵਾ ਕੇਂਦਰਾਂ ‘ਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ‘ਚ 100 ਫੀਸਦੀ ਫੇਸਲੈੱਸ ਆਰਟੀਓ ਸੇਵਾਵਾਂ ਪ੍ਰਣਾਲੀ ਦਾ ਉਦਘਾਟਨ ਕੀਤਾ।

ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਮੁਕਤ ਤੇ ਲੋਕ-ਕੇਂਦਰਿਤ ਪ੍ਰਸ਼ਾਸਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ,

“ਆਰਟੀਓ ਦਫ਼ਤਰ ਪਹਿਲਾਂ ਸਭ ਤੋਂ ਵੱਧ ਮੁਸ਼ਕਲ ਤੇ ਭ੍ਰਿਸ਼ਟਾਚਾਰ ਵਾਲੇ ਮੰਨੇ ਜਾਂਦੇ ਸਨ। ਲੋਕ ਘੰਟਿਆਂ ਲਾਈਨਾਂ ‘ਚ ਖੜ੍ਹੇ ਰਹਿੰਦੇ ਸਨ ਅਤੇ ਕਈ ਵਾਰ ਏਜੰਟਾਂ ਦਾ ਸਹਾਰਾ ਲੈਣਾ ਪੈਂਦਾ ਸੀ। ਹੁਣ ਇਹ ਸਭ ਪੁਰਾਣੀ ਗੱਲ ਹੋ ਗਈ ਹੈ — ਸਾਰੀਆਂ ਸੇਵਾਵਾਂ ਸਿੱਧਾ ਸੇਵਾ ਕੇਂਦਰਾਂ ਤੇ ਉਪਲਬਧ ਹਨ।”

ਮਾਨ ਨੇ ਦੱਸਿਆ ਕਿ ਹੁਣ ਲੋਕ ਸਿਰਫ਼ ਇੱਕ ਕਾਲ 1076 ‘ਤੇ ਕਰਕੇ ਲਰਨਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ, ਟ੍ਰਾਂਸਫਰ, ਫਿਟਨੈਸ ਸਰਟੀਫਿਕੇਟ ਅਤੇ ਹੋਰ 56 ਆਰਟੀਓ ਸੇਵਾਵਾਂ ਹੁਣ ਸੇਵਾ ਕੇਂਦਰਾਂ ਜਾਂ ਔਨਲਾਈਨ ਪੋਰਟਲ ਰਾਹੀਂ ਉਪਲਬੱਧ ਹੋਣਗੀਆਂ।

ਪੰਜਾਬ ਭਰ ਵਿੱਚ ਇਸ ਵੇਲੇ 544 ਸੇਵਾ ਕੇਂਦਰ ਚੱਲ ਰਹੇ ਹਨ ਜਿੱਥੇ ਲੋਕ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਸੇਵਾਵਾਂ ਪ੍ਰਾਪਤ ਕਰ ਸਕਣਗੇ। ਜੇਕਰ ਕੋਈ ਵਿਅਕਤੀ ਘਰ ਬੈਠੇ ਆਪਣਾ ਕੰਮ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਸੇਵਾ ਕੇਂਦਰ ਦੇ ਪ੍ਰਤੀਨਿਧੀ ਨੂੰ ਕਾਲ ਰਾਹੀਂ ਘਰ ਬੁਲਾ ਸਕਦਾ ਹੈ।

ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਕਰਮਚਾਰੀ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਵੇਗਾ। ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਹੋਰ ਵਿਭਾਗਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਸੂਬੇ ਭਰ ਦੇ ਸੇਵਾ ਕੇਂਦਰਾਂ ‘ਚ 29 ਲੱਖ ਤੋਂ ਵੱਧ ਲੋਕਾਂ ਨੇ ਸੇਵਾਵਾਂ ਲਈ ਸੰਪਰਕ ਕੀਤਾ, ਜਿਸ ਨਾਲ ਇਹ ਪ੍ਰਣਾਲੀ ਲੋਕਾਂ ਦੇ ਭਰੋਸੇ ਤੇ ਪਾਰਦਰਸ਼ਤਾ ਨੂੰ ਮਜ਼ਬੂਤ ਬਣਾਉਂਦੀ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ ਆਰਟੀਓ ਦਫ਼ਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਸਾਰੀਆਂ ਸੇਵਾਵਾਂ ਡਿਜ਼ਿਟਲ ਤੇ ਲੋਕ-ਦੋਸਤ ਬਣਾਈਆਂ ਹਨ।
ਉਨ੍ਹਾਂ ਕਿਹਾ,

“ਸਾਡਾ ਉਦੇਸ਼ ਹੈ ਲੋਕਾਂ ਨੂੰ ਇਮਾਨਦਾਰ, ਸੁਗਮ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨਾ। ਆਉਣ ਵਾਲੇ ਦਿਨਾਂ ਵਿੱਚ ਹੋਰ ਵਿਭਾਗਾਂ ਨੂੰ ਵੀ ਇਸ ਮਾਡਲ ‘ਤੇ ਤਬਦੀਲ ਕੀਤਾ ਜਾਵੇਗਾ।”