Royal Enfield ਦੀ ਬੰਪਰ ਮੰਗ! ਜੂਨ ਮਹੀਨੇ 'ਚ ਵੇਚੇ 1.14 ਲੱਖ ਮੋਟਰਸਾਈਕਲ

ਆਟੋਮੋਬਾਈਲ ਦਿੱਗਜ ਰੋਇਲ ਐਨਫੀਲਡ ਲਈ ਸਾਲ 2026 ਦਾ ਜੂਨ ਮਹੀਨਾ ਬੇਹੱਦ ਸ਼ਾਨਦਾਰ ਰਿਹਾ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ਵਿਚ ਵਧਦੀ ਮੰਗ ਦੇ ਸਿਰ 'ਤੇ ਵਿਕਰੀ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ।
ਨਵੀਂ ਦਿੱਲੀ : ਆਟੋਮੋਬਾਈਲ ਦਿੱਗਜ ਰੋਇਲ ਐਨਫੀਲਡ ਲਈ ਸਾਲ 2026 ਦਾ ਜੂਨ ਮਹੀਨਾ ਬੇਹੱਦ ਸ਼ਾਨਦਾਰ ਰਿਹਾ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ਵਿਚ ਵਧਦੀ ਮੰਗ ਦੇ ਸਿਰ 'ਤੇ ਵਿਕਰੀ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ।

ਜੂਨ ਮਹੀਨੇ ਦੇ ਅੰਕੜੇ
ਕੰਪਨੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਰੋਇਲ ਐਨਫੀਲਡ ਨੇ ਜੂਨ 2026 ਵਿੱਚ ਕੁੱਲ 1,14,032 ਬਾਈਕਸ ਦੀ ਵਿਕਰੀ ਕੀਤੀ ਹੈ। ਇਹ ਪਿਛਲੇ ਸਾਲ ਜੂਨ 2025 ਦੀ ਵਿਕਰੀ (89,540 ਯੂਨਿਟ) ਦੇ ਮੁਕਾਬਲੇ 27 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਇਸ ਸਫਲਤਾ ਦਾ ਮੁੱਖ ਕਾਰਨ ਭਾਰਤੀ ਬਾਜ਼ਾਰ ਵਿੱਚ ਕੰਪਨੀ ਦੇ ਮੋਟਰਸਾਈਕਲਾਂ ਦੀ ਵਧਦੀ ਪ੍ਰਸਿੱਧੀ ਹੈ।

ਘਰੇਲੂ ਬਾਜ਼ਾਰ ਵਿਚ ਉਛਾਲ ਪਰ ਨਿਰਯਾਤ ਵਿਚ ਗਿਰਾਵਟ
ਰੋਇਲ ਐਨਫੀਲਡ ਦੀ ਘਰੇਲੂ ਵਿਕਰੀ ਵਿਚ 34 ਫੀਸਦੀ ਦੀ ਵੱਡੀ ਗ੍ਰੋਥ ਦੇਖੀ ਗਈ ਹੈ। ਜੂਨ ਮਹੀਨੇ ਦੌਰਾਨ ਭਾਰਤੀ ਬਾਜ਼ਾਰ ਵਿਚ 1,02,930 ਬਾਈਕਸ ਵੇਚੀਆਂ ਗਈਆਂ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 76,957 ਸੀ। ਦੂਜੇ ਪਾਸੇ, ਕੰਪਨੀ ਦੇ ਨਿਰਯਾਤ (ਐਕਸਪੋਰਟ) ਵਿਚ ਪਿਛਲੇ ਸਾਲ ਦੇ ਮੁਕਾਬਲੇ 12 ਫੀਸਦੀ ਦੀ ਗਿਰਾਵਟ ਆਈ ਹੈ।

ਪਹਿਲੀ ਤਿਮਾਹੀ ਦੀ ਕਾਰਗੁਜ਼ਾਰੀ
ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ਵੀ ਕੰਪਨੀ ਲਈ ਲਾਹੇਵੰਦ ਰਹੀ ਹੈ। ਇਸ ਦੌਰਾਨ ਕੰਪਨੀ ਨੇ ਕੁੱਲ 3,30,427 ਯੂਨਿਟ ਵੇਚੇ ਹਨ, ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਹੈ। ਇਸ ਤਿਮਾਹੀ ਵਿਚ ਭਾਰਤੀ ਬਾਜ਼ਾਰ ਵਿਚ 3,01,174 ਬਾਈਕਸ ਵੇਚੀਆਂ ਗਈਆਂ, ਜਦੋਂ ਕਿ ਸਿਰਫ਼ 29,253 ਯੂਨਿਟ ਹੀ ਐਕਸਪੋਰਟ ਕੀਤੇ ਗਏ।

ਇਲੈਕਟ੍ਰਿਕ ਬਾਈਕ ਦੀ ਸ਼ੁਰੂਆਤ
ਕੰਪਨੀ ਨੇ ਭਵਿੱਖ ਦੀ ਤਕਨੀਕ ਵੱਲ ਕਦਮ ਵਧਾਉਂਦੇ ਹੋਏ ਜੂਨ ਵਿਚ ਆਪਣੀ ਇਲੈਕਟ੍ਰਿਕ ਬਾਈਕ 'ਫਲਾਇੰਗ ਫਲੀ ਸੀ6' (Flying Flea C6) ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਦੀ ਡਿਲੀਵਰੀ ਬੈਂਗਲੁਰੂ ਵਿਚ ਕੀਤੀ ਜਾ ਰਹੀ ਹੈ ਅਤੇ ਕੰਪਨੀ ਜਲਦੀ ਹੀ ਇਸ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। 

ਹਾਲਾਂਕਿ ਕੰਪਨੀ ਨੇ ਅਜੇ ਤੱਕ ਮਾਡਲ ਅਨੁਸਾਰ ਵਿਕਰੀ ਦਾ ਡਾਟਾ ਸਾਂਝਾ ਨਹੀਂ ਕੀਤਾ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੁਲੇਟ, ਕਲਾਸਿਕ ਜਾਂ ਹੰਟਰ ਵਿੱਚੋਂ ਕਿਸ ਮਾਡਲ ਦੀ ਸਭ ਤੋਂ ਵੱਧ ਮੰਗ ਰਹੀ ਹੈ।