ਮੁੜ ਬੰਬ ਧਮਾਕੇ ਨਾਲ ਦਹਿਲਿਆ ਪਾਕਿਸਤਾਨ, 10 ਮੌਤ, 32 ਜ਼ਖਮੀ


ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਮੰਗਲਵਾਰ ਨੂੰ ਫਰੰਟੀਅਰ ਕਾਂਸਟੇਬੁਲਰੀ (FC) ਹੈੱਡਕੁਆਰਟਰ ਦੇ ਨੇੜੇ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 32 ਜ਼ਖਮੀ ਹੋ ਗਏ। ਕਵੇਟਾ ਦੇ ਐਸ.ਐਸ.ਪੀ. ਮੁਹੰਮਦ ਬਲੋਚ ਦੇ ਅਨੁਸਾਰ, ਵਿਸਫੋਟਕਾਂ ਨਾਲ ਭਰੀ ਗੱਡੀ ਮਾਡਲ ਟਾਊਨ ਤੋਂ ਹਾਲੀ ਰੋਡ ਵੱਲ ਮੁੜ ਰਹੀ ਸੀ ਜਦੋਂ ਇਹ ਧਮਾਕਾ ਹੋਇਆ।

ਬਲੋਚਿਸਤਾਨ ਦੇ ਸਿਹਤ ਮੰਤਰੀ ਅਨੁਸਾਰ, ਜ਼ਖਮੀਆਂ ਨੂੰ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਵੱਡੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕਵੇਟਾ ਸਿਵਲ ਹਸਪਤਾਲ, ਬਲੋਚਿਸਤਾਨ ਮੈਡੀਕਲ ਕਾਲਜ (BMC) ਹਸਪਤਾਲ ਅਤੇ ਟਰਾਮਾ ਸੈਂਟਰ ਸ਼ਾਮਲ ਹਨ। ਸਾਰੇ ਡਾਕਟਰਾਂ, ਫਾਰਮਾਸਿਸਟਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਹਸਪਤਾਲਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਹਮਲੇ ਪਿੱਛੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਅੱਤਵਾਦੀਆਂ ਦਾ ਹੱਥ ਹੈ।

ਕਵੇਟਾ 'ਚ ਦੂਜਾ ਵੱਡਾ ਬੰਬ ਧਮਾਕਾ

ਇਸ ਮਹੀਨੇ ਕਵੇਟਾ ਵਿੱਚ ਇਹ ਦੂਜਾ ਬੰਬ ਧਮਾਕਾ ਹੈ। ਪਿਛਲਾ ਧਮਾਕਾ 2 ਸਤੰਬਰ ਨੂੰ ਕਵੇਟਾ ਬਲੋਚ ਨੈਸ਼ਨਲ ਪਾਰਟੀ ਦੀ ਰੈਲੀ ਦੌਰਾਨ ਹੋਇਆ ਸੀ, ਜਿਸ ਵਿੱਚ 14 ਲੋਕ ਮਾਰੇ ਗਏ ਸਨ ਅਤੇ 30 ਤੋਂ ਵੱਧ ਜ਼ਖਮੀ ਹੋ ਗਏ ਸਨ। ਰਿਪੋਰਟਾਂ ਅਨੁਸਾਰ, ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਅਤਾਉੱਲਾ ਮੈਂਗਲ ਦੀ ਚੌਥੀ ਬਰਸੀ ਮਨਾਉਣ ਲਈ ਸ਼ਾਹਵਾਨੀ ਸਟੇਡੀਅਮ ਵਿੱਚ ਇੱਕ ਰੈਲੀ ਕੀਤੀ ਗਈ ਸੀ। ਇਸ ਤੋਂ ਬਾਅਦ ਪਾਰਕਿੰਗ ਵਿੱਚ ਆਤਮਘਾਤੀ ਹਮਲਾ ਹੋਇਆ।