ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ!

ਅੱਜ (26 ਅਗਸਤ) ਮੌਸਮ ਵਿਭਾਗ ਨੇ 6 ਸੂਬਿਆਂ 'ਚ ਸਵੇਰੇ ਤੜਕੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਅਗਸਤ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਕਈ ਸੂਬਿਆਂ 'ਚ, ਕੁਦਰਤੀ ਆਫ਼ਤ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਕਿਤੇ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ, ਕਿਤੇ ਸੜਕਾਂ ਅਤੇ ਘਰ ਪਾਣੀ 'ਚ ਡੁੱਬ ਗਈਆਂ ਹਨ। ਆਮ ਜਨਜੀਵਨ ਠੱਪ ਹੋ ਗਿਆ ਹੈ। ਅੱਜ (26 ਅਗਸਤ) ਮੌਸਮ ਵਿਭਾਗ ਨੇ 6 ਸੂਬਿਆਂ 'ਚ ਸਵੇਰੇ ਤੜਕੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਸਵੇਰੇ 6 ਵਜੇ ਜਾਰੀ ਅਲਰਟ ਦੇ ਅਨੁਸਾਰ, ਅਗਲੇ 3 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ 'ਚ ਦਰਮਿਆਨੀ ਤੋਂ ਤੇਜ਼ ਮੀਂਹ ਲਈ ਰੈੱਡ ਅਤੇ ਔਰੇਂਜ ਅਲਰਟ ਹੈ। ਭਾਰੀ ਮੀਂਹ ਦੇ ਮੱਦੇਨਜ਼ਰ, ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ 'ਚ ਅੱਜ ਸਾਰੇ ਸਕੂਲ, ਸਰਕਾਰੀ ਅਤੇ ਨਿੱਜੀ, ਬੰਦ ਰਹਿਣਗੇ। ਇਸ ਤੋਂ ਇਲਾਵਾ, ਸ਼ਿਮਲਾ ਜ਼ਿਲ੍ਹੇ 'ਚ ਸਾਰੇ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ। ਪੰਜਾਬ ਦੇ ਪਠਾਨਕੋਟ, ਫਾਜ਼ਿਲਕਾ, ਬਠਿੰਡਾ ਅਤੇ ਹੁਸ਼ਿਆਰਪੁਰ 'ਚ ਵੀ ਅੱਜ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ।

ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਹੀ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ ਹੈ। ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੀ ਵੀ ਹਾਲਤ ਮਾੜੀ ਹੈ। ਸਤਲੁਜ, ਬਿਆਸ ਅਤੇ ਰਾਵੀ ਦਰਿਆ ਅਤੇ ਮੌਸਮੀ ਛੋਟੀਆਂ ਨਦੀਆਂ ਆਪਣੇ ਕੈਚਮੈਂਟ ਖੇਤਰਾਂ ਵਿੱਚ ਲਗਾਤਾਰ ਓਵਰਫਲੋਅ ਹੋ ਰਹੀਆਂ ਹਨ ਅਤੇ ਪੋਂਗ ਅਤੇ ਭਾਖੜਾ ਡੈਮਾਂ ਤੋਂ ਵਾਧੂ ਪਾਣੀ ਛੱਡਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਲਈ ਸਮੱਸਿਆਵਾਂ ਵਧ ਗਈਆਂ ਹਨ। ਅੱਜ ਦੀ ਬਾਰਿਸ਼ ਸਮੱਸਿਆ ਨੂੰ ਹੋਰ ਵੀ ਵਧਾ ਸਕਦੀ ਹੈ।

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਆਪਣੇ ਜਲ ਗ੍ਰਹਿਣ ਖੇਤਰਾਂ 'ਚ ਭਾਰੀ ਬਾਰਿਸ਼ ਕਾਰਨ ਸਤਲੁਜ, ਬਿਆਸ ਅਤੇ ਰਾਵੀ ਨਦੀਆਂ ਅਤੇ ਮੌਸਮੀ ਛੋਟੀਆਂ ਨਦੀਆਂ ਵੀ ਉਛਾਲ ਵਿੱਚ ਹਨ। ਹਿਮਾਚਲ ਪ੍ਰਦੇਸ਼ ਵਿੱਚ ਪੋਂਗ ਡੈਮ ਤੋਂ ਪਾਣੀ ਛੱਡਣਾ ਸੋਮਵਾਰ ਨੂੰ ਵੀ ਜਾਰੀ ਰਿਹਾ, ਜਦੋਂ ਕਿ ਟਾਂਡਾ ਖੇਤਰ ਦੇ ਕਈ ਨੀਵੇਂ ਪਿੰਡ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਡੁੱਬੇ ਹੋਏ ਹਨ।