ਪੰਜਾਬ ਕਾਂਗਰਸ 'ਚ ਮੁੜ ਬਗਾਵਤ! ਚੰਨੀ ਵੱਲੋਂ ਮੋਰਿੰਡਾ 'ਚ ਸ਼ਕਤੀ ਪ੍ਰਦਰਸ਼ਨ, ਦਿੱਤਾ 'ਅਲਟੀਮੇਟਮ'

ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਗਿਆ ਹੈ। ਸੂਬਾ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਗਾਵਤੀ ਤੇਵਰ ਦਿਖਾਉਂਦਿਆਂ ਅੱਜ ਮੋਰਿੰਡਾ ਸਥਿਤ ਆਪਣੀ ਰਿਹਾਇਸ਼ 'ਤੇ ਸਮਰਥਕਾਂ ਦੀ ਇੱਕ ਅਹਿਮ ਮੀਟਿੰਗ ਬੁਲਾਈ, ਜਿਸ ਨੂੰ ਹਾਈਕਮਾਂਡ ਵਿਰੁੱਧ ਇੱਕ ਵੱਡੇ 'ਸ਼ਕਤੀ ਪ੍ਰਦਰਸ਼ਨ' ਵਜੋਂ ਦੇਖਿਆ ਜਾ ਰਿਹਾ ਹੈ।
ਮੋਰਿੰਡਾ/ਚੰਡੀਗੜ੍ਹ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਗਿਆ ਹੈ। ਸੂਬਾ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਗਾਵਤੀ ਤੇਵਰ ਦਿਖਾਉਂਦਿਆਂ ਅੱਜ ਮੋਰਿੰਡਾ ਸਥਿਤ ਆਪਣੀ ਰਿਹਾਇਸ਼ 'ਤੇ ਸਮਰਥਕਾਂ ਦੀ ਇੱਕ ਅਹਿਮ ਮੀਟਿੰਗ ਬੁਲਾਈ, ਜਿਸ ਨੂੰ ਹਾਈਕਮਾਂਡ ਵਿਰੁੱਧ ਇੱਕ ਵੱਡੇ 'ਸ਼ਕਤੀ ਪ੍ਰਦਰਸ਼ਨ' ਵਜੋਂ ਦੇਖਿਆ ਜਾ ਰਿਹਾ ਹੈ।

ਦਿੱਗਜ ਆਗੂਆਂ ਨੇ ਭਰੀ ਹਾਜ਼ਰੀ
ਚੰਨੀ ਦੇ ਸੱਦੇ 'ਤੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਬਰਾੜ ਸਮੇਤ ਕਈ ਆਗੂ ਉਹਨਾਂ ਦੇ ਘਰ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਰਸ਼ਨ ਬਰਾੜ ਨੇ ਵੱਡਾ ਬਿਆਨ ਦਿੱਤਾ ਕਿ ਜੇਕਰ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਗਿਆ, ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨੀ ਮੁਸ਼ਕਿਲ ਹੈ।

ਪ੍ਰਧਾਨਗੀ ਜਾਂ ਸੀ.ਐੱਮ. ਚਿਹਰੇ ਦੀ ਮੰਗ
ਸਿਆਸੀ ਮਾਹਿਰਾਂ ਅਨੁਸਾਰ ਚੰਨੀ ਦਾ ਮੁੱਖ ਨਿਸ਼ਾਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਕੇ ਖ਼ੁਦ ਉਸ ਕੁਰਸੀ 'ਤੇ ਬੈਠਣਾ ਹੈ। ਚੰਨੀ ਗਰੁੱਪ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਪ੍ਰਧਾਨ ਹੀ ਅਕਸਰ ਮੁੱਖ ਮੰਤਰੀ ਬਣਦਾ ਹੈ, ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿਚ ਹੋਇਆ ਸੀ। ਚੰਨੀ ਚਾਹੁੰਦੇ ਹਨ ਕਿ ਜੇਕਰ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ, ਤਾਂ ਉਹਨਾਂ ਨੂੰ ਹੁਣੇ ਤੋਂ ਹੀ ਅਗਾਮੀ ਚੋਣਾਂ ਲਈ 'ਮੁੱਖ ਮੰਤਰੀ ਦਾ ਚਿਹਰਾ' ਐਲਾਨਿਆ ਜਾਵੇ ਤਾਂ ਜੋ ਉਹ ਆਪਣੇ 31 ਫੀਸਦੀ ਦਲਿਤ ਵੋਟ ਬੈਂਕ ਅਤੇ ਸਮਰਥਕਾਂ ਰਾਹੀਂ ਹਾਈਕਮਾਂਡ 'ਤੇ ਦਬਾਅ ਬਣਾ ਸਕਣ।

ਕਾਂਗਰਸ ਲਈ ਖ਼ਤਰੇ ਦੀ ਘੰਟੀ ਅਤੇ ‘ਪਲਾਨ-ਬੀ’
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਂਡ ਨੇ ਚੰਨੀ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ, ਤਾਂ ਉਹ ਆਪਣੇ ਸਮਰਥਕਾਂ ਨਾਲ ਮਿਲ ਕੇ ਨਵੀਂ ਪਾਰਟੀ ਦਾ ਗਠਨ ਕਰਨ ਵਰਗਾ ਸਖ਼ਤ ਕਦਮ ਵੀ ਚੁੱਕ ਸਕਦੇ ਹਨ। ਜੇਕਰ ਚੰਨੀ ਅਲੱਗ ਹੁੰਦੇ ਹਨ, ਤਾਂ ਕਾਂਗਰਸ ਦੇ ਰਵਾਇਤੀ ਦਲਿਤ ਵੋਟ ਬੈਂਕ ਵਿੱਚ ਵੱਡੀ ਸੰਨ੍ਹ ਲੱਗ ਸਕਦੀ ਹੈ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਮਿਲੇਗਾ। 

ਹੋਰ ਆਗੂਆਂ ਦਾ ਮਿਲ ਰਿਹਾ ਸਮਰਥਨ
ਜ਼ਿਕਰਯੋਗ ਹੈ ਕਿ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਏ ਜਾਣ 'ਤੇ ਚੰਨੀ ਨੇ ਅਜੇ ਤੱਕ ਹਾਈਕਮਾਂਡ ਦਾ ਧੰਨਵਾਦ ਨਹੀਂ ਕੀਤਾ ਹੈ। ਉਹਨਾਂ ਦੇ ਨਾਲ-ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ ਅਤੇ ਸਾਬਕਾ ਡਿਪਟੀ ਸੀ.ਐੱਮ. ਓ.ਪੀ. ਸੋਨੀ ਵਰਗੇ ਆਗੂਆਂ ਨੇ ਵੀ ਹਾਈਕਮਾਂਡ ਦੇ ਤਾਜ਼ਾ ਫੈਸਲਿਆਂ 'ਤੇ ਚੁੱਪੀ ਧਾਰੀ ਹੋਈ ਹੈ, ਜੋ ਪਾਰਟੀ ਅੰਦਰ ਕਿਸੇ ਵੱਡੇ ਧਮਾਕੇ ਦਾ ਸੰਕੇਤ ਦੇ ਰਹੀ ਹੈ। ਰਾਣਾ ਗੁਰਜੀਤ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵਿਸ਼ੇਸ਼ ਰੀਲ ਵੀ ਚੰਨੀ ਦੇ ਇਸ ਸੰਘਰਸ਼ ਨਾਲ ਜੋੜ ਕੇ ਦੇਖੀ ਜਾ ਰਹੀ ਹੈ।