RBI ਦਾ ਵੱਡਾ ਐਕਸ਼ਨ: 135 NBFC ਕੰਪਨੀਆਂ ਦੇ ਲਾਇਸੈਂਸ ਰੱਦ, ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਅਸਰ

ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ 'ਚ ਕੰਮ ਕਰ ਰਹੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) 'ਤੇ ਸ਼ਿਕੰਜਾ ਕੱਸਦਿਆਂ ਇੱਕ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਬੈਂਕ ਨੇ 135 NBFC ਕੰਪਨੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਕਰ ਦਿੱਤੇ ਹਨ, ਜਿਸ ਕਾਰਨ ਵਿੱਤੀ ਖੇਤਰ ਵਿੱਚ ਹੜਕੰਪ ਮਚ ਗਿਆ ਹੈ।
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ 'ਚ ਕੰਮ ਕਰ ਰਹੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) 'ਤੇ ਸ਼ਿਕੰਜਾ ਕੱਸਦਿਆਂ ਇੱਕ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਬੈਂਕ ਨੇ 135 NBFC ਕੰਪਨੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਕਰ ਦਿੱਤੇ ਹਨ, ਜਿਸ ਕਾਰਨ ਵਿੱਤੀ ਖੇਤਰ ਵਿੱਚ ਹੜਕੰਪ ਮਚ ਗਿਆ ਹੈ।

ਨਿਯਮਾਂ ਦੀ ਉਲੰਘਣਾ ਕਾਰਨ ਹੋਈ ਕਾਰਵਾਈ
ਰਿਜ਼ਰਵ ਬੈਂਕ ਨੇ ਇਹ ਕਦਮ ਆਰਬੀਆਈ ਐਕਟ-1934 ਦੀ ਧਾਰਾ 45-IA (6) ਦੇ ਤਹਿਤ ਚੁੱਕਿਆ ਹੈ। ਇਹ ਕਾਰਵਾਈ ਉਨ੍ਹਾਂ ਕੰਪਨੀਆਂ 'ਤੇ ਕੀਤੀ ਗਈ ਹੈ ਜੋ ਨਿਰਧਾਰਤ ਵਿੱਤੀ ਮਾਪਦੰਡਾਂ ਅਤੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਸਨ। ਇਹ ਕੰਪਨੀਆਂ ਮੁੱਖ ਤੌਰ 'ਤੇ ਲੋਨ ਦੇਣ, ਲੀਜ਼ਿੰਗ, ਨਿਵੇਸ਼ ਅਤੇ ਹੋਰ ਵਿੱਤੀ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਸਨ।

ਪੱਛਮੀ ਬੰਗਾਲ ਦੀਆਂ ਕੰਪਨੀਆਂ ਸਭ ਤੋਂ ਵੱਧ ਪ੍ਰਭਾਵਿਤ
ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਜਿਨ੍ਹਾਂ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਧ ਕੰਪਨੀਆਂ ਦੇ ਰਜਿਸਟਰਡ ਦਫ਼ਤਰ ਪੱਛਮੀ ਬੰਗਾਲ ਵਿੱਚ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਆਰਬੀਆਈ ਨੇ 150 NBFCs 'ਤੇ ਕਾਰਵਾਈ ਕੀਤੀ ਸੀ, ਜਿਸ ਵਿੱਚ ਵੀ ਪੱਛਮੀ ਬੰਗਾਲ (75 ਕੰਪਨੀਆਂ) ਅਤੇ ਦਿੱਲੀ (67 ਕੰਪਨੀਆਂ) ਸਭ ਤੋਂ ਅੱਗੇ ਸਨ।

ਨਾਮਵਰ ਕੰਪਨੀਆਂ ਦੇ ਲਾਇਸੈਂਸ ਵੀ ਰੱਦ
ਇਸ ਕਾਰਵਾਈ ਦੀ ਲਪੇਟ ਵਿੱਚ ਕਈ ਦਿੱਗਜ ਕੰਪਨੀਆਂ ਵੀ ਆਈਆਂ ਹਨ, ਜਿਨ੍ਹਾਂ ਵਿੱਚ ਐਕਸਪ੍ਰੈਸ ਫਿਨਕੈਪ ਹਾਊਸ, ਅਕਸ਼ੈ ਫਿਸਕਲ ਸਰਵਿਸਿਜ਼, ਟਾਈਮਜ਼ ਫਾਈਨੈਂਸ (P), ਜੁਪੀਟਰ ਪ੍ਰੋਜੈਕਟਸ (P) ਅਤੇ ਐਸੇਲ ਫਾਈਨੈਂਸ ਬਿਜ਼ਨਸ ਲੋਨਜ਼ ਸ਼ਾਮਲ ਹਨ।

ਕੁਝ ਕੰਪਨੀਆਂ ਨੇ ਖੁਦ ਕੀਤੇ ਲਾਇਸੈਂਸ ਸਰੰਡਰ
ਆਰਬੀਆਈ ਦੀ ਸਖ਼ਤੀ ਨੂੰ ਦੇਖਦਿਆਂ 13 ਕੰਪਨੀਆਂ ਨੇ ਖੁਦ ਹੀ ਆਪਣੇ ਰਜਿਸਟ੍ਰੇਸ਼ਨ ਸਰਟੀਫਿਕੇਟ ਕੇਂਦਰੀ ਬੈਂਕ ਨੂੰ ਸੌਂਪ ਦਿੱਤੇ ਹਨ। ਇਨ੍ਹਾਂ ਵਿੱਚ ਜੇ. ਥਾਮਸ ਫਾਈਨੈਂਸ, ਇਕੋਨ-ਸੁਪਰ ਸੇਲਜ਼ ਅਤੇ ਹਿਤੇਸ਼ਾ ਫਾਈਨੈਂਸ ਵਰਗੀਆਂ ਕੰਪਨੀਆਂ ਸ਼ਾਮਲ ਹਨ, ਜਿਨ੍ਹਾਂ ਨੇ ਗੈਰ-ਬੈਂਕਿੰਗ ਵਿੱਤੀ ਕਾਰੋਬਾਰ ਛੱਡਣ ਦਾ ਫੈਸਲਾ ਕੀਤਾ ਹੈ। 

ਗਾਹਕਾਂ 'ਤੇ ਅਸਰ
ਲਾਇਸੈਂਸ ਰੱਦ ਹੋਣ ਤੋਂ ਬਾਅਦ, ਇਹ ਕੰਪਨੀਆਂ ਹੁਣ ਨਾ ਤਾਂ ਆਮ ਲੋਕਾਂ ਤੋਂ ਕੋਈ ਨਵਾਂ ਡਿਪਾਜ਼ਿਟ ਲੈ ਸਕਦੀਆਂ ਹਨ ਅਤੇ ਨਾ ਹੀ ਕਿਸੇ ਕਿਸਮ ਦਾ ਕਰਜ਼ਾ ਜਾਂ ਵਿੱਤੀ ਸੇਵਾਵਾਂ ਪ੍ਰਦਾਨ ਕਰ ਸਕਦੀਆਂ ਹਨ। ਆਰਬੀਆਈ ਵੱਲੋਂ ਇਨ੍ਹਾਂ ਕੰਪਨੀਆਂ ਦੀ ਪੂਰੀ ਸੂਚੀ ਵੀ ਜਾਰੀ ਕੀਤੀ ਗਈ ਹੈ ਤਾਂ ਜੋ ਆਮ ਲੋਕ ਸੁਚੇਤ ਰਹਿ ਸਕਣ।