ਲਾਡੋਵਾਲ ਟੋਲ ਪਲਾਜ਼ਾ 'ਤੇ ਫਿਰ ਵਧੇ ਰੇਟ, ਹੁਣ ਕਾਰ ਲਈ ਦੇਣੇ ਪੈਣਗੇ 235 ਰੁਪਏ, ਪਾਸ ਵੀ ਹੋਇਆ ਮਹਿੰਗਾ

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇਕ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਪਿਛਲੇ ਲਗਭਗ 4 ਮਹੀਨਿਆਂ ਦੇ ਅੰਦਰ ਦੂਜੀ ਵਾਰ ਟੋਲ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।
ਲੁਧਿਆਣਾ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇਕ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਪਿਛਲੇ ਲਗਭਗ 4 ਮਹੀਨਿਆਂ ਦੇ ਅੰਦਰ ਦੂਜੀ ਵਾਰ ਟੋਲ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਕਾਰਾਂ ਤੇ ਹਲਕੇ ਵਾਹਨਾਂ ਦੀਆਂ ਨਵੀਆਂ ਦਰਾਂ
ਇਸ ਫੈਸਲੇ ਤੋਂ ਬਾਅਦ ਹੁਣ ਕਾਰ, ਜੀਪ ਅਤੇ ਵੈਨ ਚਾਲਕਾਂ ਨੂੰ ਇਕ ਪਾਸੇ ਦੀ ਯਾਤਰਾ (Single Journey) ਲਈ 225 ਦੀ ਬਜਾਏ 235 ਰੁਪਏ ਦੇਣੇ ਪੈਣਗੇ। ਜੇਕਰ ਕੋਈ ਵਾਹਨ ਚਾਲਕ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ (Return Journey) ਕਰਦਾ ਹੈ, ਤਾਂ ਉਸ ਨੂੰ ਹੁਣ 350 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪ੍ਰੈਲ 2026 ਨੂੰ ਵੀ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।

ਵਪਾਰਕ ਅਤੇ ਵੱਡੇ ਵਾਹਨਾਂ 'ਤੇ ਅਸਰ
ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ 10 ਰੁਪਏ ਤੋਂ ਲੈ ਕੇ 60 ਰੁਪਏ ਤੱਕ ਦਾ ਸਿੱਧਾ ਵਾਧਾ ਕੀਤਾ ਗਿਆ ਹੈ। ਛੋਟੇ ਵਪਾਰਕ ਵਾਹਨ ਅਤੇ ਮਿੰਨੀ ਬੱਸਾਂ ਲਈ ਸਿੰਗਲ ਜਰਨੀ ਲਈ 365 ਦੀ ਬਜਾਏ 380 ਰੁਪਏ ਲੱਗਣਗੇ। ਬੱਸ ਅਤੇ ਟਰੱਕ (ਦੋ ਐਕਸਲ) ਲਈ ਸਿੰਗਲ ਜਰਨੀ ਲਈ 765 ਦੀ ਬਜਾਏ 795 ਰੁਪਏ ਅਤੇ ਵਾਪਸੀ ਲਈ 1,190 ਰੁਪਏ ਖਰਚਣੇ ਪੈਣਗੇ। ਮਲਟੀ-ਐਕਸਲ ਵਾਹਨ ਦੀ ਸਿੰਗਲ ਜਰਨੀ ਲਈ 1,245 ਰੁਪਏ, ਜਦਕਿ ਵਾਪਸੀ ਲਈ 1,865 ਰੁਪਏ ਤੈਅ ਕੀਤੇ ਗਏ ਹਨ। ਵੱਡੇ ਟਰੱਕ (7 ਜਾਂ ਵੱਧ ਐਕਸਲ) ਲਈ ਸਭ ਤੋਂ ਵੱਧ 60 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਸਿੰਗਲ ਜਰਨੀ ਦੀ ਦਰ 1,515 ਰੁਪਏ ਹੋ ਗਈ ਹੈ।

ਮਹੀਨਾਵਾਰ ਪਾਸ ਵੀ ਹੋਇਆ ਮਹਿੰਗਾ
ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਲਈ ਮਹੀਨਾਵਾਰ ਪਾਸ ਦੀ ਕੀਮਤ ਹੁਣ 7,815 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇੰਨੀ ਵੱਡੀ ਰਾਸ਼ੀ ਦੇਣਾ ਆਮ ਨੌਕਰੀਪੇਸ਼ਾ ਅਤੇ ਛੋਟੇ ਵਪਾਰੀਆਂ ਦੇ ਬਜਟ ਤੋਂ ਬਾਹਰ ਹੁੰਦੀ ਜਾ ਰਹੀ ਹੈ।

ਸਥਾਨਕ ਨਿਵਾਸੀਆਂ ਨੂੰ ਰਾਹਤ
ਇਸ ਚੌਤਰਫ਼ਾ ਵਾਧੇ ਦੇ ਵਿਚਕਾਰ ਰਾਹਤ ਦੀ ਖ਼ਬਰ ਸਿਰਫ਼ ਸਥਾਨਕ ਲੋਕਾਂ ਲਈ ਹੈ। ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਸਥਾਨਕ ਗੈਰ-ਵਪਾਰਕ ਵਾਹਨ ਮਾਲਕਾਂ ਲਈ ਮਹੀਨਾਵਾਰ ਪਾਸ ਦੀ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਹ 360 ਰੁਪਏ 'ਤੇ ਹੀ ਸਥਿਰ ਰੱਖੀ ਗਈ ਹੈ। ਲੁਧਿਆਣਾ ਵਿੱਚ ਰਜਿਸਟਰਡ ਵਪਾਰਕ ਵਾਹਨਾਂ ਲਈ ਵੀ ਕੁਝ ਸਹੂਲਤ ਦਿੰਦੇ ਹੋਏ ਟੋਲ ਦਰਾਂ ਨੂੰ ਇੱਕ ਸੀਮਾ ਦੇ ਅੰਦਰ ਰੱਖਿਆ ਗਿਆ ਹੈ।