ਪੰਜਾਬੀ ਗਾਇਕ ਹਸਨ ਮਾਣਕ ਖਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ

ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਫਗਵਾੜਾ ਸਿਟੀ ਥਾਣਾ ਪੁਲਸ ਨੇ ਇੱਕ ਐਨਆਰਆਈ ਮਹਿਲਾ ਦੀ ਸ਼ਿਕਾਇਤ 'ਤੇ 30 ਮਈ 2025 ਨੂੰ ਗਾਇਕ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਪੰਜਾਬੀ ਗਾਇਕ ਹਸਨ ਮਾਣਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ, ਜਿਨ੍ਹਾਂ ਖਿਲਾਫ਼ ਦਰਜ ਮਾਮਲੇ ਵਿੱਚ ਪੁਲਸ ਨੇ ਹੁਣ ਰੇਪ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਕਪੂਰਥਲਾ ਵਿੱਚ ਦਰਜ ਇਸ ਮਾਮਲੇ ਵਿੱਚ, ਧੋਖਾਧੜੀ ਦੇ ਕੇਸ ਦੀ ਜਾਂਚ ਦੌਰਾਨ ਦਰਜ ਕੀਤੇ ਗਏ ਬਿਆਨਾਂ ਵਿੱਚ ਜਬਰ-ਜ਼ਿਨਾਹ (ਰੇਪ) ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੁਲਸ ਨੇ ਗਾਇਕ ਹਸਨ ਮਾਣਕ ਨੂੰ ਪਹਿਲਾਂ ਹੀ 13 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਫਗਵਾੜਾ ਸਿਟੀ ਥਾਣਾ ਪੁਲਸ ਨੇ ਇੱਕ ਐਨਆਰਆਈ ਮਹਿਲਾ ਦੀ ਸ਼ਿਕਾਇਤ 'ਤੇ 30 ਮਈ 2025 ਨੂੰ ਗਾਇਕ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਬਾਅਦ ਵਿੱਚ, ਇੱਕ ਅਦਾਲਤ ਨੇ ਵੀ ਦੋਸ਼ੀ ਖਿਲਾਫ਼ ਰੇਪ ਦੀ ਧਾਰਾ ਜੋੜਨ ਦਾ ਆਦੇਸ਼ ਜਾਰੀ ਕੀਤਾ ਸੀ।

ਪੀੜਤਾ ਨੇ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਨੇ ਖੁਦ ਨੂੰ ਸਿੰਗਰ ਅਤੇ ਸੈਲੀਬ੍ਰਿਟੀ ਦੱਸ ਕੇ ਉਸ ਦਾ ਵਿਸ਼ਵਾਸ ਜਿੱਤਿਆ। ਪੀੜਤਾ ਨੇ ਦੋਸ਼ ਲਾਇਆ ਕਿ ਹਸਨ ਮਾਣਕ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸਦੇ ਖਿਲਾਫ਼ ਘਰੇਲੂ ਹਿੰਸਾ ਦਾ ਕੇਸ ਵੀ ਲੰਬਿਤ ਸੀ। ਦੋਸ਼ੀ ਨੇ ਬਿਨਾਂ ਤਲਾਕ ਦਿੱਤੇ ਪੀੜਤਾ ਨਾਲ ਦੂਜਾ ਵਿਆਹ ਕੀਤਾ। ਇਸ ਤੋਂ ਇਲਾਵਾ, ਦੋਸ਼ ਹੈ ਕਿ ਗਾਇਕ ਨੇ ਪੀੜਤਾ ਦੇ ਗਹਿਣੇ ਵੀ ਵੇਚ ਦਿੱਤੇ।

ਪੀੜਤਾ ਦੀ ਮਾਂ ਦੇ ਮੁਤਾਬਕ, ਦੋਸ਼ੀ ਨੇ ਵਿਆਹ ਦੀ ਪੂਰੀ ਤਿਆਰੀ ਉਨ੍ਹਾਂ ਦੇ ਪਰਿਵਾਰ ਦੇ ਖਰਚੇ 'ਤੇ ਕਰਵਾਈ। ਇਸ ਦੌਰਾਨ ਸੋਨੇ-ਚਾਂਦੀ ਦੇ ਗਹਿਣੇ, ਕੱਪੜੇ, ਮਹਿੰਗੇ ਤੋਹਫ਼ੇ ਅਤੇ ਵਿਆਹ ਸਮਾਰੋਹ ਸਮੇਤ ਕਰੀਬ 22-25 ਲੱਖ ਰੁਪਏ ਖਰਚ ਹੋਏ।ਵਿਆਹ ਦੀਆਂ ਰਸਮਾਂ ਬੰਗਾ ਸਥਿਤ ਇੱਕ ਪੈਲੇਸ ਵਿੱਚ ਪੂਰੀਆਂ ਹੋਈਆਂ ਸਨ ਪਰ ਉਸੇ ਦੌਰਾਨ ਪੁਲਸ ਨੇ ਦਖਲ ਦਿੰਦੇ ਹੋਏ ਇਸ ਵਿਆਹ ਨੂੰ ਅਵੈਧ ਕਰਾਰ ਦਿੱਤਾ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ 30 ਮਈ 2025 ਨੂੰ ਦੋਸ਼ੀ ਖਿਲਾਫ਼ ਧੋਖਾਧੜੀ ਸਣੇ ਹੋਰ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਸੀ। ਹੁਣ ਜਾਂਚ ਦੌਰਾਨ ਐਨਆਰਆਈ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਵਿੱਚ ਜਬਰ-ਜ਼ਿਨਾਹ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।