ਰਾਮ ਮੰਦਿਰ ਚੜ੍ਹਾਵਾ ਵਿਵਾਦ: ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਅਯੁੱਧਿਆ ਦੇ ਰਾਮ ਮੰਦਿਰ ਵਿੱਚ ਚੜ੍ਹਾਵੇ ਅਤੇ ਟਰੱਸਟ ਦੇ ਪੈਸਿਆਂ ਦੀ ਕਥਿਤ ਗਲਤ ਵਰਤੋਂ ਨਾਲ ਜੁੜੇ ਮਾਮਲੇ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ।
ਨਵੀਂ ਦਿੱਲੀ : ਅਯੁੱਧਿਆ ਦੇ ਰਾਮ ਮੰਦਿਰ ਵਿੱਚ ਚੜ੍ਹਾਵੇ ਅਤੇ ਟਰੱਸਟ ਦੇ ਪੈਸਿਆਂ ਦੀ ਕਥਿਤ ਗਲਤ ਵਰਤੋਂ ਨਾਲ ਜੁੜੇ ਮਾਮਲੇ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਨਾਲ ਜੁੜੀ ਇੱਕ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਦੀ ਜਲਦਬਾਜ਼ੀ 'ਤੇ ਸਵਾਲ ਉਠਾਉਂਦਿਆਂ ਤਿੱਖੀ ਟਿੱਪਣੀ ਕੀਤੀ ਅਤੇ ਪੁੱਛਿਆ ਕਿ ਆਖਿਰ ਇਸ ਮਾਮਲੇ ਨੂੰ ਇੰਨੀ ਜਲਦੀ ਸੁਣਨ ਦੀ ਕੀ ਲੋੜ ਹੈ। 

ਟਰੱਸਟ ਦੇ ਫੰਡਾਂ ਵਿਚ ਗੜਬੜੀ ਦੇ ਇਲਜ਼ਾਮ
ਇਹ ਪਟੀਸ਼ਨ 'ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ' ਦੇ ਪੈਸਿਆਂ ਅਤੇ ਸ਼ਰਧਾਲੂਆਂ ਦੁਆਰਾ ਚੜ੍ਹਾਏ ਗਏ ਚੜ੍ਹਾਵੇ ਦੀ ਕਥਿਤ ਦੁਰਵਰਤੋਂ ਦੇ ਸਬੰਧ ਵਿਚ ਦਾਇਰ ਕੀਤੀ ਗਈ ਸੀ। ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਟਰੱਸਟ ਦੇ ਪੈਸਿਆਂ ਦੇ ਲੈਣ-ਦੇਣ ਵਿਚ ਕੁਝ ਗੰਭੀਰ ਗੜਬੜੀਆਂ ਹੋਈਆਂ ਹਨ, ਜਿਸ ਕਾਰਨ ਇਸ ਮਾਮਲੇ ਵਿਚ ਤੁਰੰਤ ਇੱਕ ਅਪਰਾਧਿਕ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ।

CBI ਜਾਂਚ ਤੇ SIT ਦੇ ਗਠਨ ਦੀ ਮੰਗ
ਪਟੀਸ਼ਨ ਵਿਚ ਸਿਰਫ਼ ਪੁਲਸ ਐੱਫ.ਆਈ.ਆਰ. ਦੀ ਮੰਗ ਹੀ ਨਹੀਂ ਕੀਤੀ ਗਈ ਸੀ, ਸਗੋਂ ਇਹ ਵੀ ਕਿਹਾ ਗਿਆ ਸੀ ਕਿ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇ, ਜਿਸ ਦੀ ਕਮਾਨ ਕੇਂਦਰੀ ਜਾਂਚ ਬਿਊਰੋ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਸੌਂਪੀ ਜਾਵੇ। ਪਟੀਸ਼ਨਕਰਤਾ ਚਾਹੁੰਦੇ ਹਨ ਕਿ ਇਹ ਜਾਂਚ ਸੁਪਰੀਮ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਹੋਵੇ ਅਤੇ ਇਸ ਲਈ ਇੱਕ ਸਮਾਂ ਸੀਮਾ  ਨਿਰਧਾਰਤ ਕੀਤੀ ਜਾਵੇ ਤਾਂ ਜੋ ਜਾਂਚ ਵਿਚ ਕੋਈ ਦੇਰੀ ਨਾ ਹੋਵੇ।

ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਆਇਆ ਤਾਂ ਪਟੀਸ਼ਨਕਰਤਾ ਦੇ ਵਕੀਲ ਨੇ ਇਸ 'ਤੇ 'ਅਰਜੈਂਟ ਹਿਅਰਿੰਗ' (ਤੁਰੰਤ ਸੁਣਵਾਈ) ਅਤੇ ਫ਼ੌਰੀ ਹੁਕਮ ਜਾਰੀ ਕਰਨ ਦੀ ਜ਼ੋਰਦਾਰ ਅਪੀਲ ਕੀਤੀ। ਪਰ ਬੈਂਚ ਨੇ ਪਟੀਸ਼ਨ ਨੂੰ ਦੇਖਣ ਤੋਂ ਬਾਅਦ ਤੁਰੰਤ ਸੁਣਵਾਈ ਦੀ ਲੋੜ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਹੁਣੇ ਸੁਣਨ ਦੀ ਕੋਈ ਗੰਭੀਰ ਜਾਂ ਹੰਗਾਮੀ ਵਜ੍ਹਾ ਨਜ਼ਰ ਨਹੀਂ ਆਉਂਦੀ। 

ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੀਆਂ ਛੁੱਟੀਆਂ ਖ਼ਤਮ ਹੋਣ ਅਤੇ ਕੋਰਟ ਦੇ ਦੁਬਾਰਾ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਬਾਅਦ ਹੀ ਸੂਚੀਬੱਧ ਕੀਤਾ ਜਾਵੇਗਾ। ਇਸ ਦਾ ਸਾਫ਼ ਮਤਲਬ ਹੈ ਕਿ ਰਾਮ ਜਨਮ ਭੂਮੀ ਟਰੱਸਟ ਨਾਲ ਜੁੜੇ ਇਸ ਵਿਵਾਦ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਲਈ ਪਟੀਸ਼ਨਕਰਤਾ ਨੂੰ ਅਜੇ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।