ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ, SC ਕਮਿਸ਼ਨ ਨੇ 8 ਦਿਨਾਂ ਅੰਦਰ ਗ੍ਰਿਫ਼ਤਾਰੀ ਦੇ ਦਿੱਤੇ ਹੁਕਮ

ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ਲਈ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ।

ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ਲਈ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ। ਮੁਲਾਕਾਤ ਦੌਰਾਨ, ਡੀਐਸਪੀ ਨੇ ਕਮਿਸ਼ਨ ਨੂੰ ਦੱਸਿਆ ਕਿ ਵੜਿੰਗ ਦੇ ਬਿਆਨ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਹੋਣੀ ਹੈ, ਜਿਸ ਵਿੱਚ 7 ਤੋਂ 10 ਦਿਨ ਦਾ ਸਮਾਂ ਲੱਗੇਗਾ। ਡੀਐਸਪੀ ਦੇ ਜਵਾਬ 'ਤੇ ਚੇਅਰਮੈਨ ਗੜ੍ਹੀ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਡੀਐਸਪੀ ਨੂੰ ਕਿਹਾ ਕਿ ਰਾਜਾ ਵੜਿੰਗ ਕੋਈ 'ਰੌਬਿਨ ਹੁੱਡ' ਨਹੀਂ ਹੈ ਜੋ ਪੁਲਸ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੜਿੰਗ ਖੁੱਲ੍ਹੇਆਮ ਤਰਨਤਾਰਨ ਅਤੇ ਨਵਾਂਸ਼ਹਿਰ ਵਿੱਚ ਘੁੰਮ ਰਿਹਾ ਹੈ। ਕਮਿਸ਼ਨ ਨੇ ਸਖ਼ਤ ਹੁਕਮ ਦਿੱਤੇ ਹਨ ਕਿ 8 ਦਿਨਾਂ ਦੇ ਅੰਦਰ (20 ਨਵੰਬਰ ਤੱਕ) ਹਰ ਹਾਲ ਵਿੱਚ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇ।

ਕੀ ਸੀ ਵਿਵਾਦਿਤ ਟਿੱਪਣੀ?
ਰਾਜਾ ਵੜਿੰਗ 'ਤੇ 4 ਨਵੰਬਰ ਨੂੰ ਕਪੂਰਥਲਾ ਵਿੱਚ FIR ਦਰਜ ਹੋਈ ਸੀ। ਇਹ ਕੇਸ ਬੂਟਾ ਸਿੰਘ ਦੇ ਬੇਟੇ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਵੜਿੰਗ ਖ਼ਿਲਾਫ਼ BNS ਦੀ ਧਾਰਾ 353 ਅਤੇ 196 ਦੇ ਨਾਲ SC/ST ਐਕਟ ਦੀ ਧਾਰਾ 3(1)(u) ਅਤੇ 3(1)(v) ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਾਜਾ ਵੜਿੰਗ ਨੇ 4 ਨਵੰਬਰ ਨੂੰ ਤਰਨਤਾਰਨ ਦੇ ਇੱਕ ਪਿੰਡ ਵਿੱਚ ਚੋਣ ਪ੍ਰਚਾਰ ਦੌਰਾਨ ਮਰਹੂਮ ਬੂਟਾ ਸਿੰਘ ਬਾਰੇ ਨਸਲੀ ਟਿੱਪਣੀ ਕਰਦਿਆਂ ਕਿਹਾ ਸੀ: "ਨਾਮ ਸੁਣਿਆ ਬੂਟਾ ਸਿੰਘ ਦਾ, ਕਾਲਾ ਰੰਗ ਹੁੰਦਾ ਸੀ, ਜਮ੍ਹਾ ਕਾਲਾ, ਪੱਠੇ ਪਾਉਂਦਾ ਸੀ ਪੱਠੇ, ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ।"