ਵੈਭਵ ਸੂਰਿਆਵੰਸ਼ੀ ਦੇ ਇਤਿਹਾਸਕ ਡੈਬਿਊ 'ਤੇ ਮੀਂਹ ਦਾ ਸਾਇਆ! ਭਾਰਤ-ਆਇਰਲੈਂਡ ਪਹਿਲੇ ਟੀ-20 'ਚ ਮੌਸਮ ਬਣ ਸਕਦੈ ਵਿਘਨ

ਭਾਰਤ ਅਤੇ ਆਇਰਲੈਂਡ ਵਿਚਕਾਰ ਸ਼ੁੱਕਰਵਾਰ ਨੂੰ ਬੈਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿਚ ਖੇਡੇ ਜਾਣ ਵਾਲੇ ਪਹਿਲੇ ਟੀ-20 ਮੁਕਾਬਲੇ ਵਿਚ ਮੌਸਮ ਖਲਲ ਪਾ ਸਕਦਾ ਹੈ। ਜੇਕਰ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਅੱਜ ਪਲੇਇੰਗ-11 ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਪਹਿਲੇ ਕਦਮ 'ਤੇ ਬਾਰਿਸ਼ ਦਾ ਖਤਰਾ ਮੰਡਰਾ ਰਿਹਾ ਹੈ।
ਬੈਲਫਾਸਟ : ਭਾਰਤ ਅਤੇ ਆਇਰਲੈਂਡ ਵਿਚਕਾਰ ਸ਼ੁੱਕਰਵਾਰ ਨੂੰ ਬੈਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿਚ ਖੇਡੇ ਜਾਣ ਵਾਲੇ ਪਹਿਲੇ ਟੀ-20 ਮੁਕਾਬਲੇ ਵਿਚ ਮੌਸਮ ਖਲਲ ਪਾ ਸਕਦਾ ਹੈ। ਜੇਕਰ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਅੱਜ ਪਲੇਇੰਗ-11 ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਪਹਿਲੇ ਕਦਮ 'ਤੇ ਬਾਰਿਸ਼ ਦਾ ਖਤਰਾ ਮੰਡਰਾ ਰਿਹਾ ਹੈ।

ਇਤਿਹਾਸ ਰਚਣ ਦੀ ਤਿਆਰੀ 'ਚ ਵੈਭਵ
ਵੈਭਵ ਸੂਰਿਆਵੰਸ਼ੀ ਜੇਕਰ ਅੱਜ ਮੈਦਾਨ ਵਿੱਚ ਉਤਰਦੇ ਹਨ ਤਾਂ ਉਹ ਭਾਰਤ ਦੀ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਮਿਲਾ ਕੇ ਸਭ ਤੋਂ ਘੱਟ ਉਮਰ ਵਿਚ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਖਿਡਾਰੀ ਬਣ ਕੇ ਇਤਿਹਾਸ ਰਚ ਦੇਣਗੇ। ਇਸ ਦੇ ਨਾਲ ਹੀ ਉਹ ਸਚਿਨ ਤੇਂਦੁਲਕਰ ਦੇ ਨਾਮ ਦਰਜ ਸਭ ਤੋਂ ਘੱਟ ਉਮਰ ਦੇ ਅੰਤਰਰਾਸ਼ਟਰੀ ਖਿਡਾਰੀ ਹੋਣ ਦਾ ਵਿਸ਼ਵ ਰਿਕਾਰਡ ਵੀ ਤੋੜ ਸਕਦੇ ਹਨ। ਭਾਰਤੀ ਬੈਟਿੰਗ ਕੋਚ ਸਿਤਾਂਸ਼ੂ ਕੋਟਕ ਨੇ ਵੀ ਵੈਭਵ ਦੀ ਕਾਬਲੀਅਤ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਹੈ ਕਿ ਜੇਕਰ ਉਸ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਆਪਣੀ ਛਾਪ ਛੱਡ ਸਕਦਾ ਹੈ।

ਬੀਬੀਸੀ ਵੇਦਰ ਦੇ ਅਨੁਮਾਨ ਅਨੁਸਾਰ, ਸ਼ੁੱਕਰਵਾਰ ਨੂੰ ਬੈਲਫਾਸਟ ਵਿੱਚ ਸਾਰਾ ਦਿਨ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੈਚ ਦੇ ਨਿਰਧਾਰਤ ਸਮੇਂ ਦੌਰਾਨ ਬਾਰਿਸ਼ ਦੀ ਸੰਭਾਵਨਾ 30 ਤੋਂ 43 ਫੀਸਦੀ ਦੇ ਵਿਚਕਾਰ ਦੱਸੀ ਗਈ ਹੈ। ਹਾਲਾਂਕਿ, ਮੌਸਮ ਰਿਪੋਰਟਾਂ ਅਨੁਸਾਰ ਮੈਚ ਦੇ ਪੂਰੀ ਤਰ੍ਹਾਂ ਰੱਦ ਹੋਣ ਦੀ ਸੰਭਾਵਨਾ ਘੱਟ ਹੈ, ਪਰ ਬਾਰਿਸ਼ ਖੇਡ ਦੇ ਦੌਰਾਨ ਵਾਰ-ਵਾਰ ਰੁਕਾਵਟ ਪਾ ਸਕਦੀ ਹੈ, ਜਿਸ ਨਾਲ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀ ਚਿੰਤਾ ਵੱਧ ਗਈ ਹੈ।

ਭਾਰਤ ਅਤੇ ਆਇਰਲੈਂਡ ਵਿਚਕਾਰ ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 6:00 ਵਜੇ ਸ਼ੁਰੂ ਹੋਵੇਗਾ, ਜਦਕਿ ਟੌਸ 5:30 ਵਜੇ ਹੋਵੇਗਾ।