16 ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ! ਪਹਾੜਾਂ 'ਤੇ ਬਾਰਸ਼ ਕਾਰਨ ਭਾਖੜਾ ਡੈਮ ਦਾ ਵਧਿਆ ਜਲ ਪੱਧਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਅਤੇ ਮੌਸਮ ਵਿਭਾਗ ਨੇ ਅੱਜ (17 ਜੂਨ) ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਅਤੇ ਬਿਜਲੀ ਡਿੱਗਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਅਤੇ ਮੌਸਮ ਵਿਭਾਗ ਨੇ ਅੱਜ (17 ਜੂਨ) ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਅਤੇ ਬਿਜਲੀ ਡਿੱਗਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਡੈਮ ਦੇ ਜਲ ਪੱਧਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਇਹਨਾਂ ਜ਼ਿਲ੍ਹਿਆਂ ਵਿੱਚ ਰਹੇਗਾ ਅਸਰ
ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਮੀਂਹ ਪੈਣ ਦੀ ਉਮੀਦ ਹੈ। ਇਹਨਾਂ ਵਿੱਚੋਂ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

ਤਾਪਮਾਨ ਵਿਚ ਗਿਰਾਵਟ ਅਤੇ ਬਾਰਸ਼ ਦੇ ਅੰਕੜੇ
ਪਿਛਲੇ ਦਿਨ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਆਨੰਦਪੁਰ ਸਾਹਿਬ ਵਿੱਚ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਕੜਿਆਂ ਮੁਤਾਬਕ 1 ਜੂਨ ਤੋਂ 16 ਜੂਨ ਤੱਕ ਪੰਜਾਬ ਵਿੱਚ ਔਸਤਨ 20.1 ਮਿਲੀਮੀਟਰ ਬਾਰਸ਼ ਹੋਈ ਹੈ, ਜੋ ਕਿ ਆਮ (20.6 ਮਿਲੀਮੀਟਰ) ਨਾਲੋਂ 2 ਫੀਸਦੀ ਘੱਟ ਹੈ। ਜਿੱਥੇ ਤਰਨਤਾਰਨ ਵਿੱਚ ਆਮ ਨਾਲੋਂ 112 ਫੀਸਦੀ ਵੱਧ ਮੀਂਹ ਪਿਆ ਹੈ, ਉੱਥੇ ਹੀ ਬਰਨਾਲਾ ਵਿੱਚ ਸਭ ਤੋਂ ਘੱਟ (ਆਮ ਨਾਲੋਂ 78 ਫੀਸਦੀ ਘੱਟ) ਬਾਰਸ਼ ਰਿਕਾਰਡ ਕੀਤੀ ਗਈ ਹੈ।

ਖਰਾਬ ਮੌਸਮ ਨੂੰ ਦੇਖਦੇ ਹੋਏ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਗਰਜ-ਚਮਕ ਅਤੇ ਤੇਜ਼ ਹਵਾਵਾਂ ਵੇਲੇ ਖੁੱਲ੍ਹੇ ਸਥਾਨਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਦੇ ਨੇੜੇ ਖੜ੍ਹੇ ਹੋਣ ਤੋਂ ਬਚਣ ਲਈ ਕਿਹਾ ਗਿਆ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅੱਜ ਦਿਨ ਭਰ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।