ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ! ਅਗਸਤ ਦੇ ਪਹਿਲੇ ਹਫ਼ਤੇ ਰਫ਼ਤਾਰ ਫੜੇਗਾ ਮਾਨਸੂਨ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਅਲਰਟ ਜਾਰੀ ਕੀਤਾ ਹੈ। ਅੱਜ ਵੀਰਵਾਰ ਸਵੇਰੇ ਲੁਧਿਆਣਾ ਵਿੱਚ ਤੇਜ਼ ਬਾਰਿਸ਼ ਹੋਈ, ਜਦਕਿ ਮੋਹਾਲੀ ਅਤੇ ਪਠਾਨਕੋਟ ਸਮੇਤ ਕਈ ਹੋਰ ਇਲਾਕਿਆਂ ਵਿੱਚ ਬੱਦਲ ਛਾਏ ਰਹੇ।
ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਅਲਰਟ ਜਾਰੀ ਕੀਤਾ ਹੈ। ਅੱਜ ਵੀਰਵਾਰ ਸਵੇਰੇ ਲੁਧਿਆਣਾ ਵਿੱਚ ਤੇਜ਼ ਬਾਰਿਸ਼ ਹੋਈ, ਜਦਕਿ ਮੋਹਾਲੀ ਅਤੇ ਪਠਾਨਕੋਟ ਸਮੇਤ ਕਈ ਹੋਰ ਇਲਾਕਿਆਂ ਵਿੱਚ ਬੱਦਲ ਛਾਏ ਰਹੇ।

ਪਿਛਲੇ 24 ਘੰਟਿਆਂ ਵਿਚ ਬਾਰਿਸ਼ ਦੇ ਅੰਕੜੇ
ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਚੰਗੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸਭ ਤੋਂ ਵੱਧ 49.8 ਮਿਲੀਮੀਟਰ ਮੀਂਹ ਗੁਰਦਾਸਪੁਰ ਵਿੱਚ ਪਿਆ। ਇਸ ਤੋਂ ਇਲਾਵਾ ਬਠਿੰਡਾ ਵਿੱਚ 46 ਮਿਲੀਮੀਟਰ, ਚੰਡੀਗੜ੍ਹ ਵਿੱਚ 45.6 ਮਿਲੀਮੀਟਰ, ਮੋਹਾਲੀ ਵਿੱਚ 28.5 ਮਿਲੀਮੀਟਰ, ਫਰੀਦਕੋਟ ਵਿੱਚ 23 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 17.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਚੰਡੀਗੜ੍ਹ ਵਿੱਚ 1 ਜੂਨ ਤੋਂ 29 ਜੁਲਾਈ ਤੱਕ ਕੁੱਲ 337.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਕਿ ਆਮ ਨਾਲੋਂ 17.2 ਫੀਸਦੀ ਘੱਟ ਹੈ।

ਤਾਪਮਾਨ ਅਤੇ ਜੁਲਾਈ ਦੀ ਸਥਿਤੀ
ਮੌਸਮ ਵਿਭਾਗ ਅਨੁਸਾਰ, ਇਸ ਸਾਲ ਜੁਲਾਈ ਮਹੀਨੇ ਵਿੱਚ ਆਮ ਨਾਲੋਂ 24 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਫਰੀਦਕੋਟ 38.1 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 23.9 ਡਿਗਰੀ ਸੈਲਸੀਅਸ ਰਿਹਾ, ਜੋ ਕਿ ਸਭ ਤੋਂ ਘੱਟ ਸੀ।

ਅਗਸਤ ਵਿਚ ਮਾਨਸੂਨ ਮੁੜ ਸਰਗਰਮ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਜੁਲਾਈ ਵਿੱਚ ਮੀਂਹ ਘੱਟ ਪਿਆ ਹੈ, ਪਰ ਅਗਸਤ ਦੇ ਪਹਿਲੇ ਹਫ਼ਤੇ ਮਾਨਸੂਨ ਦੇ ਫਿਰ ਤੋਂ ਰਫ਼ਤਾਰ ਫੜਨ ਦੀ ਪੂਰੀ ਸੰਭਾਵਨਾ ਹੈ। ਖਾਸ ਤੌਰ 'ਤੇ 1 ਤੋਂ 4 ਅਗਸਤ ਦੇ ਦਰਮਿਆਨ ਸੂਬੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ।