ਲੇਹ 'ਚ ਪੰਜਾਬ ਦਾ ਜਵਾਨ ਸ਼ਹੀਦ! 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਪੰਜਾਬ ਆਰਮਡ ਰੈਜੀਮੈਂਟ ਦੇ ਨਾਇਕ ਸਰਬਜੀਤ ਸਿੰਘ ਲਦਾਖ ਦੇ ਲੇਹ ਵਿੱਚ ਸ਼ਹੀਦ ਹੋ ਗਏ ਹਨ। ਉਹ ਇੱਕ ਬਹੁਤ ਹੀ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ।
ਰੂਪਨਗਰ : ਪੰਜਾਬ ਆਰਮਡ ਰੈਜੀਮੈਂਟ ਦੇ ਨਾਇਕ ਸਰਬਜੀਤ ਸਿੰਘ ਲਦਾਖ ਦੇ ਲੇਹ ਵਿੱਚ ਸ਼ਹੀਦ ਹੋ ਗਏ ਹਨ। ਉਹ ਇੱਕ ਬਹੁਤ ਹੀ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਇਸ ਦੁਖਦਾਈ ਖਬਰ ਦੇ ਮਿਲਦਿਆਂ ਹੀ ਉਨ੍ਹਾਂ ਦੇ ਜੱਦੀ ਪਿੰਡ ਬਿੰਦ ਰੱਖ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਨਾਇਕ ਸਰਬਜੀਤ ਸਿੰਘ (ਪੁੱਤਰ ਦਰਸ਼ਨ ਸਿੰਘ) ਲੇਹ ਦੇ ਉੱਚਾਈ ਵਾਲੇ ਇਲਾਕੇ 'ਚ ਡਿਊਟੀ 'ਤੇ ਸਨ। ਸੋਮਵਾਰ ਸਵੇਰੇ ਅਚਾਨਕ ਆਕਸੀਜਨ ਦਾ ਪੱਧਰ ਘੱਟ ਜਾਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਡਾਕਟਰਾਂ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਜ਼ਿਕਰਯੋਗ ਹੈ ਕਿ ਨਾਇਕ ਸਰਬਜੀਤ ਸਿੰਘ ਦਾ ਵਿਆਹ ਅਜੇ ਕੁਝ ਸਮਾਂ ਪਹਿਲਾਂ ਹੀ 25 ਜਨਵਰੀ ਨੂੰ ਹੋਇਆ ਸੀ।

ਸ਼ਹੀਦ ਦੇ ਤਾਇਆ ਸੁਖਵਿੰਦਰ ਸਿੰਘ ਬਿੰਦ ਰੱਖ ਨੇ ਦੱਸਿਆ ਕਿ ਨਾਇਕ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦ ਰੱਖ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਲਾਕੇ ਦੀਆਂ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਜਵਾਨ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ।