ਕਪਿਲ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਪੰਜਾਬੀ ਵਿਦਿਆਰਥੀ ਡਿਪੋਰਟ, ਪਿਓ ਨੇ ਕਰਜ਼ਾ ਲੈ ਭੇਜਿਆ ਸੀ ਕੈਨੇਡਾ

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਅਤੇ ਪੰਜਾਬ ਮੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦਾ ਹੁਕਮ ਜਾਰੀ ਕੀਤਾ ਹੈ। 11 ਜੁਲਾਈ ਨੂੰ ਜਾਰੀ ਹੋਏ ਇਸ ਹੁਕਮ ਨੂੰ ਕੈਨੇਡਾ ਪੁਲਿਸ ਨੇ ਹਾਲ ਹੀ ਵਿੱਚ ਜਨਤਕ ਕੀਤਾ ਹੈ।
ਓਟਾਵਾ : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਅਤੇ ਪੰਜਾਬ ਮੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦਾ ਹੁਕਮ ਜਾਰੀ ਕੀਤਾ ਹੈ। 11 ਜੁਲਾਈ ਨੂੰ ਜਾਰੀ ਹੋਏ ਇਸ ਹੁਕਮ ਨੂੰ ਕੈਨੇਡਾ ਪੁਲਿਸ ਨੇ ਹਾਲ ਹੀ ਵਿੱਚ ਜਨਤਕ ਕੀਤਾ ਹੈ। ਜਸ਼ਨਦੀਪ 'ਤੇ 19 ਮਈ 2025 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।

ਮੋਬਾਈਲ ਵੀਡੀਓ ਬਣਿਆ ਮੁੱਖ ਸਬੂਤ
ਜਾਂਚਕਰਤਾਵਾਂ ਨੂੰ ਜਸ਼ਨਦੀਪ ਦੇ ਮੋਬਾਈਲ ਫੋਨ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਉਸ ਨੂੰ ਇੱਕ ਹੈਂਡਗਨ ਫੜੇ ਹੋਏ ਦੇਖਿਆ ਗਿਆ ਸੀ। ਵੀਡੀਓ ਵਿੱਚ ਉਹ ਇੱਕ ਵਿਅਕਤੀ ਦੇ ਸਿਰ 'ਤੇ ਪਿਸਤੌਲ ਤਾਣਦਾ ਦਿਖਾਈ ਦੇ ਰਿਹਾ ਸੀ ਤੇ ਪੁਲਿਸ ਅਨੁਸਾਰ ਇਸੇ ਹਥਿਆਰ ਦੀ ਵਰਤੋਂ ਕੈਫੇ 'ਤੇ ਫਾਇਰਿੰਗ ਅਤੇ ਐਡਮੰਟਨ ਦੀ ਇੱਕ ਹੋਰ ਘਟਨਾ ਵਿੱਚ ਕੀਤੀ ਗਈ ਸੀ। ਕੈਨੇਡੀਅਨ ਪੁਲਿਸ ਨੇ ਉਸ ਨੂੰ ਲਾਰੈਂਸ ਗੈਂਗ ਦਾ ਹੇਠਲੇ ਪੱਧਰ ਦਾ ਗੁਰਗਾ ਦੱਸਿਆ ਹੈ, ਜੋ ਅਰਸ਼ਦੀਪ ਸਿੰਘ ਰਾਹੀਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।

ਸਟੂਡੈਂਟ ਵੀਜ਼ਾ 'ਤੇ ਗਿਆ ਸੀ ਕੈਨੇਡਾ
ਜਸ਼ਨਦੀਪ ਸਿੰਘ ਸਾਲ 2022 ਵਿੱਚ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਿਆ ਸੀ। ਸੁਣਵਾਈ ਦੌਰਾਨ ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦੇ ਪਿਤਾ ਨੇ ਬਿਹਤਰ ਭਵਿੱਖ ਦੀ ਉਮੀਦ ਵਿੱਚ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਉਸ ਨੇ ਅਦਾਲਤ ਸਾਹਮਣੇ ਆਪਣੀ ਗਲਤੀ 'ਤੇ ਪਛਤਾਵਾ ਵੀ ਜ਼ਾਹਿਰ ਕੀਤਾ, ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਉਸ ਨੂੰ ਲਾਰੈਂਸ ਗੈਂਗ ਨਾਲ ਸਬੰਧਾਂ ਕਾਰਨ ਅਯੋਗ ਠਹਿਰਾਉਂਦੇ ਹੋਏ ਡਿਪੋਰਟ ਕਰਨ ਦਾ ਫੈਸਲਾ ਬਰਕਰਾਰ ਰੱਖਿਆ।

'ਮਜ਼ਾਕ' ਵਾਲੀ ਦਲੀਲ ਹੋਈ ਖਾਰਜ
ਜਸ਼ਨਦੀਪ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਵੀਡੀਓ ਉਸ ਦੇ ਦੋਸਤ ਦੀ ਬਰਥਡੇ ਪਾਰਟੀ ਦੀ ਸੀ ਅਤੇ ਉਸ ਨੇ ਨਸ਼ੇ ਦੀ ਹਾਲਤ ਵਿੱਚ ਸਿਰਫ਼ ਮਜ਼ਾਕ ਵਿੱਚ ਬੰਦੂਕ ਚੁੱਕੀ ਸੀ। ਹਾਲਾਂਕਿ, ਟ੍ਰਿਬਿਊਨਲ ਨੇ ਉਸ ਦੇ ਬਿਆਨਾਂ ਨੂੰ ਰੱਦ ਕਰ ਦਿੱਤਾ।

ਆਪਰੇਸ਼ਨ ਹਾਰਡ ਬਾਲ ਦੀ ਸਖ਼ਤੀ
ਇਹ ਕਾਰਵਾਈ ਅਮਰੀਕਾ ਅਤੇ ਕੈਨੇਡਾ ਦੀਆਂ ਏਜੰਸੀਆਂ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਹਾਰਡ ਬਾਲ' ਦੇ ਤਹਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਤੋੜਨਾ ਹੈ। ਗੈਂਗਸਟਰਾਂ 'ਤੇ ਵਟਸਐਪ ਰਾਹੀਂ ਕੈਨੇਡਾ ਵਿੱਚ ਵਿਦਿਆਰਥੀਆਂ ਅਤੇ ਵਰਕਰਾਂ ਦੀ ਵਰਤੋਂ ਕਰਕੇ ਫਾਇਰਿੰਗ ਅਤੇ ਰੰਗਦਾਰੀ ਵਰਗੀਆਂ ਵਾਰਦਾਤਾਂ ਕਰਵਾਉਣ ਦੇ ਗੰਭੀਰ ਦੋਸ਼ ਹਨ। ਜਸ਼ਨਦੀਪ ਦੇ ਡਿਪੋਰਟ ਹੋਣ ਨਾਲ ਹੁਣ ਉਸ ਦੇ ਕੈਨੇਡਾ ਵਾਪਸ ਜਾਣ ਦੇ ਰਾਹ ਹਮੇਸ਼ਾ ਲਈ ਬੰਦ ਹੋ ਗਏ ਹਨ।