ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਮੁਸੀਬਤ ਦੀ ਘੜੀ ‘ਚ ਲੋਕਾਂ ਦੇ ਨਾਲ ਖੜ੍ਹੀ

ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਕਦਮ ਵਧਾਇਆ ਹੈ। ਹੜ੍ਹ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਉਸਨੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਗਾਇਕਾ ਨੇ ਖੁਦ ਜਾ ਕੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਦਾ ਹਾਲ ਜਾਣਿਆ।

ਗਾਇਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਸੁਨੰਦਾ ਨੇ ਲਿਖਿਆ “ਇਹ ਮੁਸ਼ਕਲ ਸਮਾਂ ਹੈ। ਸਾਨੂੰ ਸਭ ਨੂੰ ਮਿਲ ਕੇ ਆਪਣੇ ਭਰਾਵਾਂ ਤੇ ਭੈਣਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਜੋ ਕੁਝ ਵੀ ਤੁਹਾਡੇ ਵੱਸ ‘ਚ ਹੈ, ਉਹ ਪੀੜਤ ਪਰਿਵਾਰਾਂ ਤੱਕ ਪਹੁੰਚਾਓ।”ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਕਾਰਨ ਘਰ ਡੁੱਬ ਗਏ ਹਨ, ਫਸਲਾਂ ਤਬਾਹ ਹੋ ਗਈਆਂ ਹਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ। ਸਰਕਾਰ ਵੱਲੋਂ ਰਾਹਤ ਕਾਰਜ ਜਾਰੀ ਹਨ, ਪਰ ਸੈਲੀਬ੍ਰਿਟੀਆਂ ਵੱਲੋਂ ਮਿਲ ਰਹੀ ਸਹਾਇਤਾ ਲੋਕਾਂ ਲਈ ਵੱਡੀ ਉਮੀਦ ਬਣ ਰਹੀ ਹੈ।

ਦੱਸ ਦਈਏ ਕਿ ਫੈਨਜ਼ ਅਤੇ ਆਮ ਲੋਕਾਂ ਵੱਲੋਂ ਸੁਨੰਦਾ ਸ਼ਰਮਾ ਦੀ ਇਸ ਪਹੁੰਚ ਦੀ ਵਾਹ ਵਾਹ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਹਨ ਕਿ ਉਹ ਸਿਰਫ਼ ਇੱਕ ਸਫਲ ਗਾਇਕਾ ਹੀ ਨਹੀਂ, ਸਗੋਂ ਇੱਕ ਜ਼ਿੰਮੇਵਾਰ ਇਨਸਾਨ ਵੀ ਹੈ ਜੋ ਮੁਸ਼ਕਲ ਵੇਲੇ ਆਪਣੇ ਪੰਜਾਬ ਨਾਲ ਖੜ੍ਹੀ ਹੈ।