ਇੰਗਲੈਂਡ 'ਚ ਪੰਜਾਬੀ ਮੁਟਿਆਰ ਦਾ ਬੇਰਹਿਮੀ ਨਾਲ ਕਤਲ, ਢਿੱਡ 'ਚ ਮਾਰਿਆ 5 ਵਾਰ ਚਾਕੂ

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਇੱਕ ਮੁਟਿਆਰ ਦੀ ਇੰਗਲੈਂਡ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਵਜੋਂ ਹੋਈ ਹੈ, ਜਿਸ ਦੇ ਪੇਟ ਵਿਚ ਹਮਲਾਵਰ ਨੇ 5 ਵਾਰ ਚਾਕੂ ਨਾਲ ਵਾਰ ਕੀਤੇ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਕਿਰਨਦੀਪ ਐਤਵਾਰ ਸਵੇਰੇ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ।
ਲੰਡਨ : ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਇੱਕ ਮੁਟਿਆਰ ਦੀ ਇੰਗਲੈਂਡ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਵਜੋਂ ਹੋਈ ਹੈ, ਜਿਸ ਦੇ ਪੇਟ ਵਿਚ ਹਮਲਾਵਰ ਨੇ 5 ਵਾਰ ਚਾਕੂ ਨਾਲ ਵਾਰ ਕੀਤੇ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਕਿਰਨਦੀਪ ਐਤਵਾਰ ਸਵੇਰੇ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ।

ਸੀਸੀਟੀਵੀ ਵਿਚ ਕੈਦ ਹੋਇਆ ਮੁਲਜ਼ਮ
ਹੱਤਿਆ ਤੋਂ ਬਾਅਦ ਘਰ ਦੇ ਗੇਟ 'ਤੇ ਲੱਗੇ ਕੈਮਰੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਮੁਲਜ਼ਮ ਹੱਥ ਵਿੱਚ ਚਾਕੂ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਬ੍ਰਿਟਿਸ਼ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਣਪਛਾਤੇ ਹਮਲਾਵਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਮਾਪਿਆਂ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
ਕਿਰਨਦੀਪ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਸੁਹਿਰਦ ਭਵਿੱਖ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ ਤਾਂ ਜੋ ਉਹ ਇੰਗਲੈਂਡ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰ ਸਕੇ। ਕਿਰਨਦੀਪ ਕਰੀਬ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਇੰਗਲੈਂਡ ਗਈ ਸੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਨੌਕਰੀ ਕਰ ਰਹੀ ਸੀ।

ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਾਈ ਗੁਹਾਰ
ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿਤਾ ਸੁਖਦੇਵ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।