ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਵਧਾਇਆ ਮਦਦ ਦਾ ਹੱਥ, ਹੜ੍ਹ ਪੀੜਤਾਂ ਨੂੰ ਵੰਡੀ ਸਮੱਗਰੀ

ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਹੜ੍ਹ ਨਾਲ ਪੀੜਤ ਪਰਿਵਾਰਾਂ ਦੇ ਦਰਦ ਨੂੰ ਘਟਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਪੰਜਾਬ ਵਿੱਚ ਹੜ੍ਹ ਦੀ ਮਾਰ ਨਾਲ ਜ਼ਿੰਦਗੀਆਂ ਬੇਹੱਦ ਪ੍ਰਭਾਵਿਤ ਹੋਈਆਂ ਹਨ। ਇਸ ਮੁਸੀਬਤ ਦੀ ਘੜੀ ਵਿੱਚ ਪੰਜਾਬੀ ਸਿਨੇਮਾ ਦੇ ਕਲਾਕਾਰ ਲੋਕਾਂ ਦੀ ਮਦਦ ਲਈ ਇਕੱਠੇ ਹੋ ਰਹੇ ਹਨ। ਹੁਣ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਨੇ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮਦਦ ਦਾ ਹੱਥ ਵਧਾਇਆ ਹੈ।


ਦੱਸ ਦਈਏ ਕਿ ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਹੜ੍ਹ ਨਾਲ ਪੀੜਤ ਪਰਿਵਾਰਾਂ ਦੇ ਦਰਦ ਨੂੰ ਘਟਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵੱਲੋਂ ਰਾਹਤ ਸਮੱਗਰੀ ਵੰਡ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਰਾ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਕਿਹਾ ਕਿ ਇਸ ਔਖੀ ਘੜੀ ਦੇ 'ਚ ਹਰ ਇਕ ਨੂੰ ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।

ਅਦਾਕਾਰ ਨੇ ਪ੍ਰਗਟਾਈ ਚਿੰਤਾ

ਬਿਨੂੰ ਢਿੱਲੋਂ ਨੇ ਅੱਗੇ ਕਿਹਾ ਹੜ੍ਹ ਖਤਮ ਹੋਣ ਤੋਂ ਬਾਅਦ, ਬਹੁਤ ਸਾਰੀਆਂ ਬਿਮਾਰੀਆਂ ਆਉਣਗੀਆਂ, ਫਿਰ ਸਾਨੂੰ ਹੋਰ ਲੋਕਾਂ ਦੀ ਦੇਖਭਾਲ ਕਰਨੀ ਪਵੇਗੀ। ਇਸ ਲਈ ਅਸੀਂ ਬਾਅਦ ਵਿੱਚ ਵੀ ਆਵਾਂਗੇ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨਾ ਸਮਾਨ ਲਿਆ ਰਹੇ ਹੋ, ਇਹ ਮਾਇਨੇ ਰੱਖਦਾ ਹੈ ਕਿ ਤੁਹਾਡੀ ਸੋਚ ਕੀ ਹੈ। ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪਰਮਾਤਮਾ ਸਾਡੇ ਨਾਲ ਹੈ, ਹਰ ਥਾਂ ਤੋਂ ਰਾਹਤ ਸਮੱਗਰੀ ਆ ਰਹੀ ਹੈ, ਅਸੀਂ ਜਲਦੀ ਹੀ ਮੁੜ ਉਠਾਂਗੇ।' ਇਸ ਤੋਂ ਪਹਿਲਾਂ ਵੀ ਪੰਜਾਬੀ ਸਿਨੇਮਾ ਦੇ ਕਈ ਗਾਇਕ ਅਤੇ ਅਦਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਇਕਜੁੱਟਤਾ ਸੱਚਮੁੱਚ ਪ੍ਰੇਰਣਾਦਾਇਕ ਹੈ।