ਪੰਜਾਬ ਨੂੰ ਜਲਦ ਮਿਲ ਸਕਦਾ ਹੈ ਨਵਾਂ DGP! UPSC ਨੇ ਸੱਦੀ ਅਹਿਮ ਮੀਟਿੰਗ

ਪੰਜਾਬ ਵਿੱਚ ਸਥਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੀ ਨਿਯੁਕਤੀ ਦਾ ਰਾਹ ਅੱਜ ਸਾਫ਼ ਹੋਣ ਦੀ ਉਮੀਦ ਹੈ। ਸੰਘ ਲੋਕ ਸੇਵਾ ਆਯੋਗ (UPSC) ਨੇ ਅਧਿਕਾਰੀਆਂ ਦਾ ਪੈਨਲ ਸ਼ਾਰਟਲਿਸਟ ਕਰਨ ਲਈ ਅੱਜ ਇੱਕ ਅਹਿਮ ਮੀਟਿੰਗ ਸੱਦੀ ਹੈ।
ਚੰਡੀਗੜ੍ਹ : ਪੰਜਾਬ ਵਿੱਚ ਸਥਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੀ ਨਿਯੁਕਤੀ ਦਾ ਰਾਹ ਅੱਜ ਸਾਫ਼ ਹੋਣ ਦੀ ਉਮੀਦ ਹੈ। ਸੰਘ ਲੋਕ ਸੇਵਾ ਆਯੋਗ (UPSC) ਨੇ ਅਧਿਕਾਰੀਆਂ ਦਾ ਪੈਨਲ ਸ਼ਾਰਟਲਿਸਟ ਕਰਨ ਲਈ ਅੱਜ ਇੱਕ ਅਹਿਮ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਤਿੰਨ ਅਧਿਕਾਰੀਆਂ ਦਾ ਪੈਨਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ, ਜਿਸ ਦੇ ਅਧਾਰ 'ਤੇ ਸਰਕਾਰ ਇੱਕ ਅਧਿਕਾਰੀ ਨੂੰ ਸੂਬੇ ਦਾ ਸਥਾਈ ਡੀਜੀਪੀ ਨਿਯੁਕਤ ਕਰੇਗੀ।

ਗੌਰਵ ਯਾਦਵ ਮੁੜ ਰੇਸ 'ਚ
ਜੁਲਾਈ 2022 ਵਿੱਚ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ 'ਤੇ ਸਵਾਲ ਉੱਠਦੇ ਰਹੇ ਹਨ। ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਹੁਣ ਪੰਜਾਬ ਵਿਚ ਸਥਾਈ ਡੀਜੀਪੀ ਨਿਯੁਕਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ, ਜਿਸ ਵਿੱਚ ਗੌਰਵ ਯਾਦਵ ਦਾ ਨਾਮ ਮੁੜ ਚਰਚਾ ਵਿੱਚ ਹੈ।

ਪੈਨਲ ਵਿਚ ਸ਼ਾਮਲ ਮੁੱਖ ਨਾਮ
ਪੰਜਾਬ ਸਰਕਾਰ ਵੱਲੋਂ UPSC ਨੂੰ ਭੇਜੀ ਗਈ ਸੀਨੀਅਰ ਆਈਪੀਐੱਸ (IPS) ਅਧਿਕਾਰੀਆਂ ਦੀ ਸੂਚੀ ਨੂੰ ਵੱਖ-ਵੱਖ ਬੈਚਾਂ ਵਿੱਚ ਵੰਡਿਆ ਗਿਆ ਹੈ।
1992 ਬੈਚ: ਗੌਰਵ ਯਾਦਵ, ਸ਼ਰਦ ਸਤਿਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ।
1993 ਬੈਚ: ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਿਵੇਦੀ।
1994 ਬੈਚ: ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਅਮਰਦੀਪ ਸਿੰਘ ਰਾਏ, ਵੀ. ਨੀਰਜਾ, ਅਨੀਤਾ ਪੁੰਜ, ਨਰੇਸ਼ ਕੁਮਾਰ ਅਤੇ ਰਾਮ ਸਿੰਘ।

ਜ਼ਿਕਰਯੋਗ ਹੈ ਕਿ 1989 ਬੈਚ ਦੇ ਸਾਮੰਤ ਗੋਇਲ ਨੇ ਇਸ ਅਹੁਦੇ ਲਈ ਅਸਮਰੱਥਾ ਜਤਾਈ ਹੈ, ਜਦਕਿ ਅਰਪਿਤ ਸ਼ੁਕਲਾ ਅਤੇ ਈਸ਼ਵਰ ਸਿੰਘ ਆਪਣੀ ਸੇਵਾਮੁਕਤੀ ਦੇ ਨੇੜੇ ਹੋਣ ਕਾਰਨ ਇਸ ਦੌੜ ਤੋਂ ਬਾਹਰ ਹਨ।

ਕਿਵੇਂ ਹੁੰਦੀ ਹੈ ਚੋਣ?
ਨਵੇਂ ਡੀਜੀਪੀ ਦੀ ਚੋਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ UPSC ਦੇ ਚੇਅਰਮੈਨ, ਕੇਂਦਰੀ ਗ੍ਰਹਿ ਸਕੱਤਰ ਜਾਂ ਉਨ੍ਹਾਂ ਦੇ ਪ੍ਰਤੀਨਿਧੀ, ਰਾਜ ਦੇ ਮੁੱਖ ਸਕੱਤਰ, ਰਾਜ ਦੇ ਮੌਜੂਦਾ ਡੀਜੀਪੀ ਅਤੇ ਕਿਸੇ ਕੇਂਦਰੀ ਪੁਲਸ ਸੰਗਠਨ ਦੇ ਮੁਖੀ ਸ਼ਾਮਲ ਹੁੰਦੇ ਹਨ। ਇਹ ਕਮੇਟੀ ਤਿੰਨ ਨਾਵਾਂ ਨੂੰ ਅੰਤਿਮ ਰੂਪ ਦੇ ਕੇ ਰਾਜ ਸਰਕਾਰ ਨੂੰ ਭੇਜਦੀ ਹੈ, ਜਿਸ ਤੋਂ ਬਾਅਦ ਸਰਕਾਰ ਅੰਤਿਮ ਨਿਯੁਕਤੀ ਦਾ ਫੈਸਲਾ ਲੈਂਦੀ ਹੈ।