ਪੰਜਾਬ ਸਰਕਾਰ ਨੇ RTO ਅਧਿਕਾਰੀ ਗੁਰਵਿੰਦਰ ਸਿੰਘ ਨੂੰ ਕੀਤਾ ਸਸਪੈਂਡ

ਗੁਰਵਿੰਦਰ ਸਿੰਘ ਜੋਹਲ (ਪੀਸੀਐਸ), ਜੋ ਕਿ ਰੂਪਨਗਰ ਵਿੱਚ ਆਰਟੀਓ ਹਨ, ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਪੀਸੀਐਸ ਅਧਿਕਾਰੀ ਗੁਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਮੁਅੱਤਲੀ ਦੇ ਸਮੇਂ ਉਹ ਰੋਪੜ (ਰੂਪਨਗਰ) ਵਿੱਚ ਆਰਟੀਓ (RTO) ਦੇ ਅਹੁਦੇ 'ਤੇ ਤਾਇਨਾਤ ਸਨ। ਅਧਿਕਾਰੀ 'ਤੇ ਇਹ ਦੋਸ਼ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਲਾਈਟ ਐਂਡ ਸਾਊਂਡ ਸ਼ੋਅ ਲਈ ਬੱਸਾਂ ਸਮੇਂ 'ਤੇ ਉਪਲਬਧ ਨਹੀਂ ਕਰਵਾਈਆਂ ਗਈਆਂ। ਇਸ ਦੇਰੀ ਕਾਰਨ ਸਰਕਾਰ ਨੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਹੈ।

ਗੁਰਵਿੰਦਰ ਸਿੰਘ ਜੋਹਲ (ਪੀਸੀਐਸ), ਜੋ ਕਿ ਰੂਪਨਗਰ ਵਿੱਚ ਆਰਟੀਓ ਹਨ, ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਿਵਲ ਸੇਵਾ ਦੇ ਨਿਯਮਾਂ ਤਹਿਤ ਕੀਤੀ ਗਈ ਹੈ। ਮੁਅੱਤਲੀ ਦੀ ਮਿਆਦ ਦੌਰਾਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਨਿਰਵਾਹ ਭੱਤਾ ਦਿੱਤਾ ਜਾਵੇਗਾ। ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਚੰਡੀਗੜ੍ਹ ਰਹੇਗਾ ਅਤੇ ਉਹ ਅਗਲੇ ਹੁਕਮਾਂ ਤੱਕ ਬਿਨਾਂ ਇਜਾਜ਼ਤ ਚੰਡੀਗੜ੍ਹ ਤੋਂ ਬਾਹਰ ਨਹੀਂ ਜਾ ਸਕਣਗੇ।

ਇਹ ਕਾਰਵਾਈ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਰੋਹ ਦੇ ਸਬੰਧ ਵਿੱਚ ਹੋਈ ਹੈ। ਆਉਣ ਵਾਲੇ ਲੋਕਾਂ ਨੂੰ ਬੱਸਾਂ ਜਾਂ ਹੋਰ ਕਿਸੇ ਵੀ ਅਸੁਵਿਧਾ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਰੂਪਨਗਰ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਇੱਕ ਵੈੱਬਸਾਈਟ ਅਤੇ ਐਪ ਲਾਂਚ ਕੀਤੀ ਹੈ, ਜਿਸਦਾ ਨਾਮ ‘anandpursahib 350 dot com’ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਵੈੱਬਸਾਈਟ ਅਤੇ ਐਪ ਪੰਜਾਬੀ ਅਤੇ ਅੰਗਰੇਜ਼ੀ, ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਹਨ। ਇਸ 'ਤੇ ਲੋਕਾਂ ਨੂੰ ਸ਼ਟਲ ਬੱਸਾਂ, ਸਮਾਗਮਾਂ, ਟੈਂਟ ਸਿਟੀ, ਟ੍ਰਾਲੀ ਸਿਟੀ ਅਤੇ ਟ੍ਰੈਫਿਕ ਡਾਇਵਰਸ਼ਨ ਬਾਰੇ ਸਾਰੀ ਜਾਣਕਾਰੀ ਲਾਈਵ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਉਦਾਹਰਨ ਵਜੋਂ, ਤਰਨਤਾਰਨ ਵਿੱਚ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਸੀ। ਇਸ ਤੋਂ ਇਲਾਵਾ, ਅੰਮ੍ਰਿਤਸਰ (ਗ੍ਰਾਮੀਣ) ਦੇ ਐਸਐਸਪੀ ਮਨਿੰਦਰ ਸਿੰਘ ਨੂੰ ਗੈਂਗਸਟਰਾਂ ਵਿਰੁੱਧ ਕਾਰਵਾਈ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਕਾਰਨ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਸੀ।