ਪੰਜਾਬ-ਚੰਡੀਗੜ੍ਹ 'ਚ ਮੁੜ ਵਧਣ ਲੱਗੀ ਤਪਸ਼! ਇੱਕੋ ਦਿਨ 'ਚ 5.4 ਡਿਗਰੀ ਵਧਿਆ ਤਾਪਮਾਨ

ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਦਾ ਦੌਰ ਥਮਦਿਆਂ ਹੀ ਗਰਮੀ ਨੇ ਮੁੜ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਘੱਟ ਬਣਿਆ ਹੋਇਆ ਹੈ।
ਚੰਡੀਗੜ੍ਹ: ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਦਾ ਦੌਰ ਥਮਦਿਆਂ ਹੀ ਗਰਮੀ ਨੇ ਮੁੜ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਘੱਟ ਬਣਿਆ ਹੋਇਆ ਹੈ।

ਪਟਿਆਲਾ ਰਿਹਾ ਸਭ ਤੋਂ ਗਰਮ
ਸੂਬੇ ਵਿੱਚ ਪਿਛਲੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 38.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ 33.9 ਤੋਂ 38.1 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।

8 ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ
ਮੌਸਮ ਵਿਭਾਗ ਨੇ ਅੱਜ ਕਈ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਹਲਕੀ ਬਾਰਿਸ਼ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦਿੰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦਾ ਮੁੱਖ ਅਸਰ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਮਾਨਸਾ ਅਤੇ ਬਠਿੰਡਾ 'ਚ ਦੇਖਣ ਨੂੰ ਮਿਲ ਸਕਦਾ ਹੈ। ਵਿਭਾਗ ਅਨੁਸਾਰ ਮੀਂਹ ਸਾਰੇ ਇਲਾਕਿਆਂ ਦੀ ਬਜਾਏ ਕੁਝ ਚੋਣਵੀਆਂ ਥਾਵਾਂ 'ਤੇ ਹੀ ਪਵੇਗਾ।

ਅਗਲੇ ਦੋ-ਤਿੰਨ ਦਿਨ ਧੂੜ ਭਰੀ ਹਨੇਰੀ ਦੀ ਸੰਭਾਵਨਾ
ਮੌਸਮ ਮਾਹਿਰਾਂ ਅਨੁਸਾਰ, ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੋਈ ਵੱਡਾ ਮੌਸਮ ਸਿਸਟਮ ਸਰਗਰਮ ਨਾ ਹੋਣ ਕਾਰਨ ਮੌਸਮ ਮੁੱਖ ਤੌਰ 'ਤੇ ਖੁਸ਼ਕ ਅਤੇ ਗਰਮ ਰਹੇਗਾ। ਹਾਲਾਂਕਿ, ਸਾਈਕਲੋਨਿਕ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਦੇ ਸਮੇਂ ਸੀਮਤ ਖੇਤਰਾਂ ਵਿੱਚ ਧੂੜ ਭਰੀ ਹਨੇਰੀ ਅਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਪੱਛਮੀ ਗੜਬੜੀ ਦੇ ਕਮਜ਼ੋਰ ਰਹਿਣ ਕਾਰਨ ਫਿਲਹਾਲ ਭਾਰੀ ਮੀਂਹ ਦੀ ਕੋਈ ਉਮੀਦ ਨਹੀਂ ਹੈ।