ਬਰਨਾਲਾ ਲਾਠੀਚਾਰਜ ਦੇ ਵਿਰੋਧ 'ਚ ਅੱਜ ‘ਪੰਜਾਬ ਬੰਦ’! 9 ਜ਼ਿਲ੍ਹਿਆਂ 'ਚ ਬਾਜ਼ਾਰ ਤੇ ਸਕੂਲ ਬੰਦ ਰੱਖਣ ਦੀ ਅਪੀਲ

ਪੰਜਾਬ ਵਿੱਚ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ 'ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਸਮਾਜ ਵੱਲੋਂ ਅੱਜ (ਵੀਰਵਾਰ) ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਲੁਧਿਆਣਾ : ਪੰਜਾਬ ਵਿੱਚ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ 'ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਸਮਾਜ ਵੱਲੋਂ ਅੱਜ (ਵੀਰਵਾਰ) ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਵਾਲਮੀਕਿ ਭਾਈਚਾਰੇ ਨੇ ਸਮੂਹ ਦੁਕਾਨਦਾਰਾਂ, ਸਕੂਲ-ਕਾਲਜ ਪ੍ਰਬੰਧਕਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫਾਈ ਕਰਮਚਾਰੀਆਂ ਨਾਲ ਹੋਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਇਸ ਬੰਦ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ।

ਕਿੱਥੇ-ਕਿੱਥੇ ਰਹੇਗਾ ਬੰਦ ਦਾ ਅਸਰ?
ਜਾਣਕਾਰੀ ਅਨੁਸਾਰ, ਬੰਦ ਦਾ ਮੁੱਖ ਅਸਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਅਤੇ ਗੁਰਦਾਸਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਬੰਦ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਜਲੰਧਰ ਸ਼ਹਿਰ ਵਿੱਚ ਬੰਦ ਨਹੀਂ ਰਹੇਗਾ ਕਿਉਂਕਿ ਇੱਥੋਂ ਦੇ ਸੰਗਠਨ ਪਹਿਲਾਂ ਹੀ 27 ਜੁਲਾਈ ਨੂੰ ਬੰਦ ਰੱਖ ਚੁੱਕੇ ਹਨ; ਇੱਥੇ ਸਿਰਫ਼ ਪ੍ਰਦਰਸ਼ਨ ਹੀ ਕੀਤਾ ਜਾਵੇਗਾ।

ਜ਼ਰੂਰੀ ਸੇਵਾਵਾਂ ਨੂੰ ਮਿਲੇਗੀ ਛੋਟ
ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ, ਐਂਬੂਲੈਂਸ ਸੇਵਾਵਾਂ ਅਤੇ ਮੈਡੀਕਲ ਸਟੋਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ ਤਾਂ ਜੋ ਕਿਸੇ ਵੀ ਮਰੀਜ਼ ਜਾਂ ਲੋੜਵੰਦ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀ ਪੱਕੀ ਨੌਕਰੀ, ਤਨਖਾਹ ਵਾਧਾ ਅਤੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ 8 ਜੁਲਾਈ ਤੋਂ ਹੜਤਾਲ 'ਤੇ ਸਨ। 22 ਜੁਲਾਈ ਨੂੰ ਜਦੋਂ ਬਰਨਾਲਾ ਪ੍ਰਸ਼ਾਸਨ ਨੇ ਪੁਲਿਸ ਸੁਰੱਖਿਆ ਹੇਠ ਸ਼ਹਿਰ ਵਿੱਚੋਂ ਕੂੜਾ ਚੁੱਕਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਕਰਮਚਾਰੀਆਂ ਅਤੇ ਪੁਲਿਸ ਵਿਚਕਾਰ ਤਿੱਖੀ ਝੜਪ ਹੋ ਗਈ। ਦੋਸ਼ ਹੈ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ, ਖਾਸ ਕਰਕੇ ਮਹਿਲਾ ਕਰਮਚਾਰੀਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ।

ਸਰਕਾਰ ਵੱਲੋਂ SIT ਦਾ ਗਠਨ ਅਤੇ ਤਨਖਾਹਾਂ 'ਚ ਵਾਧਾ
ਦੂਜੇ ਪਾਸੇ, ਚੌਤਰਫਾ ਹੋਈ ਨਿੰਦਾ ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਨਾਲਾ ਦੇ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਇਸ ਲਾਠੀਚਾਰਜ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਦਾ ਐਲਾਨ ਕੀਤਾ ਹੈ ਅਤੇ 1 ਅਗਸਤ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਵੀ ਕਹੀ ਹੈ, ਜਿਸ ਤੋਂ ਬਾਅਦ ਜਥੇਬੰਦੀਆਂ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਹੈ।