ਲੁਧਿਆਣਾ ਵਿੱਚ ਪਨਬੱਸ ਡਰਾਈਵਰ ਨਿਕਲਿਆ ਨਸ਼ਾ ਤਸਕਰ! 12 ਕਿਲੋ ਭੁੱਕੀ ਬਰਾਮਦ, ਕੰਡਕਟਰ ਗ੍ਰਿਫ਼ਤਾਰ

ਲੁਧਿਆਣਾ ਪਨਬੱਸ ਡਿਪੂ ਦੇ ਇੱਕ ਡਰਾਈਵਰ ਅਤੇ ਕੰਡਕਟਰ ਵੱਲੋਂ ਨਸ਼ਾ ਤਸਕਰੀ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡਿਪੂ ਦੀ ਚੈਕਿੰਗ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ 12 ਕਿਲੋਗ੍ਰਾਮ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ ਹੈ।
ਲੁਧਿਆਣਾ: ਲੁਧਿਆਣਾ ਪਨਬੱਸ ਡਿਪੂ ਦੇ ਇੱਕ ਡਰਾਈਵਰ ਅਤੇ ਕੰਡਕਟਰ ਵੱਲੋਂ ਨਸ਼ਾ ਤਸਕਰੀ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡਿਪੂ ਦੀ ਚੈਕਿੰਗ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ 12 ਕਿਲੋਗ੍ਰਾਮ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ ਹੈ।

ਡਿਪੂ ਮੈਨੇਜਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ
ਪੁਲਿਸ ਅਨੁਸਾਰ ਇਹ ਮਾਮਲਾ ਪਨਬੱਸ ਲੁਧਿਆਣਾ ਦੇ ਡਿਪੂ ਮੈਨੇਜਰ ਵੱਲੋਂ ਭੇਜੇ ਗਏ ਇੱਕ ਪੱਤਰ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 17 ਜੁਲਾਈ 2026 ਨੂੰ ਡਿਪੂ ਦੀ ਚੈਕਿੰਗ ਟੀਮ ਨੇ ਡਰਾਈਵਰ ਗੋਬਿੰਦਰ ਸਿੰਘ ਅਤੇ ਕੰਡਕਟਰ ਮਨਪ੍ਰੀਤ ਸਿੰਘ ਉਰਫ਼ ਕਾਕੂ ਵਿਰੁੱਧ ਬੱਸ ਰਾਹੀਂ ਨਸ਼ੀਲਾ ਪਦਾਰਥ ਲਿਆਉਣ ਸਬੰਧੀ ਇੱਕ ਰਿਪੋਰਟ ਸੌਂਪੀ ਸੀ।

ਕਾਰ ਵਿੱਚੋਂ ਹੋਈ ਬਰਾਮਦਗੀ
ਚੈਕਿੰਗ ਸਟਾਫ਼ ਦੀ ਰਿਪੋਰਟ ਅਨੁਸਾਰ, ਨਸ਼ੀਲਾ ਪਦਾਰਥ ਇੱਕ ਨਿੱਜੀ ਕਾਰ (ਨੰਬਰ PB-10-FUU-5356) ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਕਾਕੂ (ਵਾਸੀ ਪਿੰਡ ਸੈਦਪੁਰ ਬੇਹਿਹਾਰਾ, ਜ਼ਿਲ੍ਹਾ ਰੂਪਨਗਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ਹੈ।

ਦੂਜੇ ਮੁਲਜ਼ਮ ਦੀ ਭਾਲ ਜਾਰੀ
ਇਸ ਮਾਮਲੇ ਵਿੱਚ ਦੂਜਾ ਮੁਲਜ਼ਮ ਡਰਾਈਵਰ ਗੋਬਿੰਦਰ ਸਿੰਘ (ਵਾਸੀ ਪਿੰਡ ਮਾਮਦਪੁਰ, ਜ਼ਿਲ੍ਹਾ ਸੰਗਰੂਰ) ਫਿਲਹਾਲ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 15, 61 ਅਤੇ 85 ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਕੀਤੀ ਗਈ ਭੁੱਕੀ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿਸ ਜਗ੍ਹਾ 'ਤੇ ਸਪਲਾਈ ਕੀਤਾ ਜਾਣਾ ਸੀ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।