ਖਿਡਾਰੀਆਂ ਦੀ ਮਿਹਨਤ ਤੇ ਸਮਰਪਣ ‘ਤੇ ਮਾਣ ਹੈ’: ਨਿਤਿਨ ਕੋਹਲੀ ਨੇ ਭਾਰਤੀ ਹਾਕੀ ਟੀਮ ਦੀ ਏਸ਼ੀਆ ਕੱਪ ਜਿੱਤ ‘ਤੇ ਦਿੱਤੀਆਂ ਵਧਾਈਆਂ, 18 ‘ਚੋਂ 9 ਖਿਡਾਰੀ ਪੰਜਾਬ ਤੋਂ

ਭਾਰਤ ਦੀ ਏਸ਼ੀਆ ਕੱਪ ਜਿੱਤ ਵਿੱਚ ਪੰਜਾਬ ਰੀੜ੍ਹ ਦੀ ਹੱਡੀ ਵਾਂਗ ਉਭਰਿਆ, ਟੀਮ ਦੇ 18 ‘ਚੋਂ 9 ਖਿਡਾਰੀ ਪੰਜਾਬ ਤੋਂ। ਹਾਕੀ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਨਿਤਿਨ ਕੋਹਲੀ ਨੇ ਕਿਹਾ, “ਖਿਡਾਰੀਆਂ ਦੇ ਨਾਲ ਨਾਲ ਅਸੀਂ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਵੀ ਕੁਝ ਕਰਾਂਗੇ ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ।”

ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੂੰ ਏਸ਼ੀਆ ਕੱਪ 2025 ਦੀ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਇਤਿਹਾਸਕ ਜਿੱਤ ਵਿੱਚ ਪੰਜਾਬ ਦਾ ਯੋਗਦਾਨ ਫੈਸਲਾਕੁੰਨ ਰਹਿਆ, ਕਿਉਂਕਿ 18 ਮੈਂਬਰਾਂ ਦੀ ਟੀਮ ‘ਚੋਂ 9 ਪੰਜਾਬ ਤੋਂ ਹਨ। ਇਹ ਪੰਜਾਬ ਦੀ ਭਾਰਤੀ ਹਾਕੀ ਵਿੱਚ ਲਗਾਤਾਰ ਹਾਵੀ ਰਹੀ ਤਾਕਤ ਨੂੰ ਦਰਸਾਉਂਦਾ ਹੈ।

ਨਿਤਿਨ ਕੋਹਲੀ ਨੇ ਕਿਹਾ ਕਿ ਸਾਰੀ ਹਾਕੀ ਪਰਿਵਾਰ ਨੂੰ ਵਧਾਈ, ਖ਼ਾਸ ਕਰਕੇ ਹਾਕੀ ਪੰਜਾਬ ਨੂੰ। ਭਾਰਤੀ ਹਾਕੀ ਟੀਮ ਜਿਸ ਨੇ ਵਿਸ਼ਵ ਕੱਪ ਲਈ ਵੀ ਕਵਾਲੀਫ਼ਾਈ ਕੀਤਾ ਹੈ, ਉਸ ਵਿੱਚ ਪੰਜਾਬ ਦੇ 9 ਖਿਡਾਰੀ ਹਨ। ਇਨ੍ਹਾਂ ਵਿੱਚੋਂ 4 ਖਿਡਾਰੀ ਜਲੰਧਰ ਤੋਂ ਹਨ। ਮੈਂ ਜਲੰਧਰ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਮੈਂ ਇਹ ਏਸ਼ੀਆ ਕੱਪ ਜਿੱਤ ਪੰਜਾਬ ਨੂੰ ਸਮਰਪਿਤ ਕਰਦਾ ਹਾਂ ਜੋ ਇਸ ਸਮੇਂ ਹੜ੍ਹ ਦੇ ਕਾਰਨ ਮੁਸ਼ਕਲ ਘੜੀਆਂ ਵਿਚੋਂ ਲੰਘ ਰਿਹਾ ਹੈ। ਖਿਡਾਰੀਆਂ ਦੇ ਨਾਲ ਨਾਲ ਅਸੀਂ ਜ਼ਰੂਰ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਕੁਝ ਕਰਾਂਗੇ ਜਿਨ੍ਹਾਂ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨ ਭਾਰਤੀ ਹਾਕੀ ਲਈ ਉੱਜਵਲ ਦਿਖਾਈ ਦਿੰਦੇ ਹਨ।। ਅਸੀਂ (ਹਾਕੀ ਪੰਜਾਬ ਨੇ) ਰਾਊਂਡਗਲਾਸ ਨਾਲ ਕਰਾਰ ਕੀਤਾ ਹੈ, ਜੋ ਪੰਜਾਬ ਵਿੱਚ ਹਾਕੀ ਦੇ ਵਿਕਾਸ ਲਈ 2500 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ। ਅਗਲੇ 10 ਸਾਲਾਂ ਲਈ ਹਾਕੀ ਪੰਜਾਬ ਅਤੇ ਰਾਊਂਡਗਲਾਸ ਨੇ ਇਕੱਠੇ ਹੱਥ ਮਿਲਾ ਕੇ ਹਾਕੀ ਨੂੰ ਪੰਜਾਬ ਵਿੱਚ ਪ੍ਰਚਾਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਦੇ ਤੌਰ ‘ਤੇ ਨਿਤਿਨ ਕੋਹਲੀ ਨੇ ਸੂਬੇ ਵਿੱਚ ਹਾਕੀ ਦੇ ਪੂਰੇ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਨਵੇਂ ਟ੍ਰੇਨਿੰਗ ਕੈਂਪ, ਆਧੁਨਿਕ ਸੁਵਿਧਾਵਾਂ ਅਤੇ ਗ੍ਰਾਸਰੂਟ ਪ੍ਰੋਗਰਾਮ ਸ਼ੁਰੂ ਹੋਏ ਹਨ, ਜਿਨ੍ਹਾਂ ਦਾ ਮਕਸਦ ਨਵੀਂ ਪ੍ਰਤਿਭਾ ਦੀ ਖੋਜ ਅਤੇ ਉਸ ਨੂੰ ਨਿਖਾਰਨਾ ਹੈ। ਉਨ੍ਹਾਂ ਦੀਆਂ ਪਹਿਲਕਦਮੀਆਂ ਨੇ ਕਈ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕਣ ਦਾ ਮੌਕਾ ਦਿੱਤਾ ਹੈ।

ਕੋਹਲੀ ਨੇ ਕਿਹਾ ਕਿ ਇਹ ਜਿੱਤ ਸਿਰਫ਼ ਖਿਡਾਰੀਆਂ ਦੀ ਮਿਹਨਤ ਦਾ ਨਤੀਜਾ ਨਹੀਂ ਹੈ ਸਗੋਂ ਉਸ ਸਿਸਟਮ ਅਤੇ ਸਭਿਆਚਾਰ ਦਾ ਪ੍ਰਤੀਕ ਹੈ ਜੋ ਪੰਜਾਬ ਨੇ ਸਾਲਾਂ ਤੋਂ ਤਿਆਰ ਕੀਤਾ ਹੈ। ਪੰਜਾਬ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਹਾਕੀ ਦੀ ਅਸਲ ਨਰਸਰੀ ਹੈ।