ਅੰਮ੍ਰਿਤਸਰ 'ਚ ਸਾਬਕਾ CM ਚੰਨੀ ਖਿਲਾਫ ਲੱਗੇ ਪੋਸਟਰ, 'ਕਾਂਗਰਸ 'ਚੋਂ ਬਾਹਰ ਕੱਢਣ' ਦੀ ਉੱਠੀ ਮੰਗ

ਪੰਜਾਬ ਕਾਂਗਰਸ ਦੀ ਅੰਦਰੂਨੀ ਕਲੇਸ਼ ਹੁਣ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਸ਼ਹਿਰ ਵਿੱਚ ਕਈ ਥਾਵਾਂ 'ਤੇ ਵਿਵਾਦਤ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਅਪੀਲ ਕੀਤੀ ਗਈ ਹੈ।
ਅੰਮ੍ਰਿਤਸਰ : ਪੰਜਾਬ ਕਾਂਗਰਸ ਦੀ ਅੰਦਰੂਨੀ ਕਲੇਸ਼ ਹੁਣ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਸ਼ਹਿਰ ਵਿੱਚ ਕਈ ਥਾਵਾਂ 'ਤੇ ਵਿਵਾਦਤ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਅਪੀਲ ਕੀਤੀ ਗਈ ਹੈ।

ਪੋਸਟਰਾਂ 'ਤੇ ਲਿਖੇ ਨਾਅਰੇ
ਬੁੱਧਵਾਰ ਸਵੇਰੇ ਸੈਰ ਕਰਨ ਨਿਕਲੇ ਲੋਕਾਂ ਦੀ ਨਜ਼ਰ ਜਦੋਂ ਇਨ੍ਹਾਂ ਪੋਸਟਰਾਂ 'ਤੇ ਪਈ, ਤਾਂ ਸ਼ਹਿਰ ਵਿੱਚ ਸਿਆਸੀ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਇਨ੍ਹਾਂ ਪੋਸਟਰਾਂ 'ਤੇ ਲਿਖੇ ਨਾਅਰੇ ਚੰਨੀ ਨੂੰ ਸਿੱਧਾ ਨਿਸ਼ਾਨਾ ਬਣਾ ਰਹੇ ਹਨ:
 "ਘਰ-ਘਰ ਚਲੀ ਗੱਲ, ਚੰਨੀ ਚੱਲਿਆ ਭਾਜਪਾ ਵੱਲ"।
 "ਰਾਹੁਲ ਗਾਂਧੀ ਜੀ ਨੂੰ ਕਾਂਗਰਸੀਆਂ ਦੀ ਇਕੋ ਪੁਕਾਰ, ਚੰਨੀ ਨੂੰ ਕਾਂਗਰਸ ਤੋਂ ਕਰੋ ਬਾਹਰ"।
 "ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ? ਸਾਹਮਣੇ ਆਓ ਚੰਨੀ ਜੀ"।

ਵੜਿੰਗ ਸਮਰਥਕਾਂ 'ਤੇ ਜਤਾਇਆ ਜਾ ਰਿਹਾ ਸ਼ੱਕ
ਸੂਤਰਾਂ ਅਨੁਸਾਰ ਇਹ ਚਰਚਾ ਹੈ ਕਿ ਇਹ ਪੋਸਟਰ ਅੰਮ੍ਰਿਤਸਰ ਦੇ ਉਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਲਗਾਏ ਗਏ ਹਨ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਮੰਨਿਆ ਜਾਂਦਾ ਹੈ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣ ਅਤੇ ਗੁੱਟਬਾਜ਼ੀ ਦਾ ਨਤੀਜਾ ਹੈ।

ਹਾਈਕਮਾਂਡ ਨਾਲ ਵਧ ਰਹੀ ਟੱਕਰ
ਪਿਛਲੇ ਕੁਝ ਸਮੇਂ ਤੋਂ ਚਰਨਜੀਤ ਸਿੰਘ ਚੰਨੀ ਲਗਾਤਾਰ ਬਾਗੀ ਤੇਵਰ ਦਿਖਾ ਰਹੇ ਹਨ। ਉਨ੍ਹਾਂ ਨੇ ਹਾਈਕਮਾਂਡ ਵੱਲੋਂ ਭੇਜੇ ਗਏ ਏ.ਆਈ.ਸੀ.ਸੀ. ਇੰਚਾਰਜ ਭੂਪੇਸ਼ ਬਘੇਲ ਦੇ ਪ੍ਰੋਗਰਾਮਾਂ ਦਾ ਵੀ ਬਾਈਕਾਟ ਕੀਤਾ ਹੈ। ਚੰਨੀ ਦੀ ਟੱਕਰ ਹੁਣ ਸਿਰਫ਼ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਹੀ ਨਹੀਂ, ਸਗੋਂ ਸਿੱਧੀ ਹਾਈਕਮਾਂਡ ਨਾਲ ਹੁੰਦੀ ਨਜ਼ਰ ਆ ਰਹੀ ਹੈ। 

ਫਿਲਹਾਲ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਪੋਸਟਰ ਲਗਾਉਣ ਵਾਲਿਆਂ ਦੀ ਅਧਿਕਾਰਤ ਪਛਾਣ ਹੋ ਸਕੀ ਹੈ। ਇਹ ਪੋਸਟਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਸਕਦੇ ਹਨ।