ਐਤਵਾਰ ਤੇ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹਣਗੇ ਡਾਕਖਾਨੇ, ਆਧਾਰ ਸੇਵਾਵਾਂ ਵੀ ਰਹਿਣਗੀਆਂ ਉਪਲਬਧ

ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਡਾਕ ਵਿਭਾਗ ਨੇ ਜਲੰਧਰ ਵਿਚ ਲੋਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਫੈਸਲਾ ਲਿਆ ਹੈ। ਵਿਭਾਗ ਵੱਲੋਂ 15 ਜੁਲਾਈ, 2026 ਤੋਂ 28 ਅਗਸਤ, 2026 ਤੱਕ ਆਉਣ ਵਾਲੇ ਸਾਰੇ ਐਤਵਾਰਾਂ ਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਚੁਣਵੇਂ ਡਾਕਘਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਜਲੰਧਰ : ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਡਾਕ ਵਿਭਾਗ ਨੇ ਜਲੰਧਰ ਵਿਚ ਲੋਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਫੈਸਲਾ ਲਿਆ ਹੈ। ਵਿਭਾਗ ਵੱਲੋਂ 15 ਜੁਲਾਈ, 2026 ਤੋਂ 28 ਅਗਸਤ, 2026 ਤੱਕ ਆਉਣ ਵਾਲੇ ਸਾਰੇ ਐਤਵਾਰਾਂ ਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਚੁਣਵੇਂ ਡਾਕਘਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।

ਰੱਖੜੀ ਬੁਕਿੰਗ ਤੇ ਆਧਾਰ ਕਾਰਡ ਦੀ ਸਹੂਲਤ
ਜਲੰਧਰ ਡਿਵੀਜ਼ਨ ਦੇ ਡਾਕਘਰਾਂ ਦੇ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਆਪਣੀਆਂ ਰੱਖੜੀਆਂ, ਸਪੀਡ ਪੋਸਟ ਅਤੇ ਪਾਰਸਲ ਭੇਜਣ ਵਿਚ ਕੋਈ ਦਿੱਕਤ ਨਾ ਆਵੇ, ਇਸ ਲਈ ਇਹ ਖਾਸ ਇੰਤਜ਼ਾਮ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇਹਨਾਂ ਛੁੱਟੀ ਵਾਲੇ ਦਿਨਾਂ ਵਿੱਚ ਵੀ ਕਾਊਂਟਰਾਂ 'ਤੇ ਆਧਾਰ ਰਜਿਸਟ੍ਰੇਸ਼ਨ ਅਤੇ ਆਧਾਰ ਅਪਡੇਟ ਕਰਨ ਦੀਆਂ ਸਹੂਲਤਾਂ ਉਪਲਬਧ ਰਹਿਣਗੀਆਂ।

ਇਹ ਡਾਕਘਰ ਰਹਿਣਗੇ ਖੁੱਲ੍ਹੇ
ਐਤਵਾਰ ਤੇ ਛੁੱਟੀਆਂ ਵਾਲੇ ਦਿਨ ਇਹ ਚੁਣਵੇਂ ਡਾਕਘਰ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ। ਖੁੱਲ੍ਹਣ ਵਾਲੇ ਮੁੱਖ ਡਾਕਘਰਾਂ ਵਿਚ ਹੇਠ ਲਿਖੇ ਸ਼ਾਮਲ ਹਨ:
ਜਲੰਧਰ ਸਿਟੀ ਹੈੱਡ ਪੋਸਟ ਆਫਿਸ
ਜਲੰਧਰ ਕੈਂਟ ਹੈੱਡ ਪੋਸਟ ਆਫਿਸ
ਨਵਾਂਸ਼ਹਿਰ ਮੇਨ ਡਾਕਘਰ
ਭੋਗਪੁਰ ਸਬ ਪੋਸਟ ਆਫਿਸ
ਗ੍ਰੇਨ ਮਾਰਕੀਟ ਪੋਸਟ ਆਫਿਸ
ਬਸਤੀ ਗੁਜ਼ਾਂ ਸਬ ਪੋਸਟ ਆਫਿਸ
ਫਿਲੌਰ ਸਬ ਪੋਸਟ ਆਫਿਸ
ਬੰਗਾ ਸਬ ਪੋਸਟ ਆਫਿਸ

ਵਾਟਰ ਪਰੂਫ ਲਿਫ਼ਾਫ਼ੇ ਤੇ ਵਿਸ਼ੇਸ਼ ਬਾਕਸ
ਸੁਪਰਡੈਂਟ ਲਹਿਰੀ ਨੇ ਜਾਣਕਾਰੀ ਦਿੱਤੀ ਕਿ ਜਲੰਧਰ ਡਿਵੀਜ਼ਨ ਦੇ ਸਾਰੇ ਡਾਕਘਰਾਂ ਵਿਚ ਰੱਖੜੀ ਭੇਜਣ ਲਈ ਵਿਸ਼ੇਸ਼ ਵਾਟਰ ਪਰੂਫ ਲਿਫ਼ਾਫ਼ੇ ਅਤੇ ਰੱਖੜੀ ਬਾਕਸ ਵੀ ਉਪਲਬਧ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਅਤੇ ਅੰਤਿਮ ਸਮੇਂ ਦੀ ਭੀੜ ਤੋਂ ਬਚਣ ਲਈ ਆਪਣੇ ਪਾਰਸਲ ਪਹਿਲਾਂ ਹੀ ਬੁੱਕ ਕਰਵਾ ਲੈਣ ਤਾਂ ਜੋ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ਉਹਨਾਂ ਭਰੋਸਾ ਦਿੱਤਾ ਕਿ ਜਨਤਾ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਸੇਵਾਵਾਂ ਦੇਣ ਲਈ ਸਟਾਫ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।