ਜਲੰਧਰ 'ਚ ਪੁਲਸ ਐਨਕਾਊਂਟਰ! ਨੌਜਵਾਨ ਨੂੰ ਫੜਨ ਗਈ ਪੁਲਸ 'ਤੇ ਭੀੜ ਨੇ ਚਲਾਈ ਗੋਲੀ, ਇਕ ਦੀ ਮੌਤ

ਜਲੰਧਰ ਦੇ ਮਹਿਤਪੁਰ ਇਲਾਕੇ ਦੇ ਪਿੰਡ ਬੰਗੀਵਾਲ ਵਿੱਚ ਬੀਤੀ ਰਾਤ ਪੁਲਸ ਕਾਰਵਾਈ ਦੌਰਾਨ ਕਤਲ ਦੀ ਕੋਸ਼ਿਸ਼ (ਅਟੈਪਟ ਟੂ ਮਰਡਰ) ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਲਵਪ੍ਰੀਤ ਉਰਫ਼ ਲਵੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਜਲੰਧਰ: ਜਲੰਧਰ ਦੇ ਮਹਿਤਪੁਰ ਇਲਾਕੇ ਦੇ ਪਿੰਡ ਬੰਗੀਵਾਲ ਵਿੱਚ ਬੀਤੀ ਰਾਤ ਪੁਲਸ ਕਾਰਵਾਈ ਦੌਰਾਨ ਕਤਲ ਦੀ ਕੋਸ਼ਿਸ਼ (ਅਟੈਪਟ ਟੂ ਮਰਡਰ) ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਲਵਪ੍ਰੀਤ ਉਰਫ਼ ਲਵੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪੁਲਸ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ।

ਪੁਲਸ ਅਨੁਸਾਰ, ਮਹਿਤਪੁਰ ਥਾਣੇ ਦੇ ਐੱਸ.ਐੱਚ.ਓ. ਅਮਨ ਸੈਨੀ ਦੀ ਅਗਵਾਈ 'ਚ ਪੁਲਸ ਟੀਮ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਸੀ। ਪੁਲਸ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਨੇ ਮੁਲਜ਼ਮ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਉੱਥੇ ਮੌਜੂਦ ਭੀੜ ਨੇ ਪੁਲਸ ਨਾਲ ਹੱਥੋਪਾਈ ਕੀਤੀ ਅਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਆਤਮ-ਰੱਖਿਆ ਲਈ ਦੋ ਰਾਊਂਡ ਫਾਇਰ ਕੀਤੇ, ਜਿਸ ਦੌਰਾਨ ਇੱਕ ਗੋਲੀ ਲਵਪ੍ਰੀਤ ਦੀ ਲੱਤ ਵਿੱਚ ਲੱਗ ਗਈ। ਉਸ ਨੂੰ ਤੁਰੰਤ ਨਕੋਦਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ, ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਉਸ ਸਮੇਂ ਬਾਥਰੂਮ 'ਚ ਸੀ ਅਤੇ ਜਦੋਂ ਉਹ ਬਾਹਰ ਆਇਆ ਤਾਂ ਸਿਵਲ ਕੱਪੜਿਆਂ 'ਚ ਆਏ ਪੁਲਸ ਮੁਲਾਜ਼ਮਾਂ ਨੇ ਉਸ ਦੇ ਪਿੱਛੇ ਤੋਂ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਅਨੁਸਾਰ, ਲਵਪ੍ਰੀਤ ਦੇ ਪੱਟ ਦੇ ਉਪਰਲੇ ਹਿੱਸੇ 'ਚ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।

ਇਸ ਸਾਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਟੀਮ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਜੇ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।