ਫਿਲੌਰ : ਮੁਰਗੀਆਂ ਨਾਲ ਲੱਦਿਆ ਕੈਂਟਰ ਖੜ੍ਹੇ ਟਰੱਕ ਨਾਲ ਟਕਰਾਇਆ, ਇੱਕ ਦੀ ਮੌਤ

ਫਿਲੌਰ ਵਿਚ ਜੀ.ਟੀ. ਰੋਡ 'ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਫਿਲੌਰ : ਫਿਲੌਰ ਵਿਚ ਜੀ.ਟੀ. ਰੋਡ 'ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਰਾਤ ਕਰੀਬ 2 ਵਜੇ ਸੀ.ਐੱਨ.ਜੀ. ਪੰਪ ਨੇੜੇ ਉਸ ਸਮੇਂ ਵਾਪਰਿਆ ਜਦੋਂ ਮੁਰਗੀਆਂ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਕੈਂਟਰ ਸੜਕ ਕਿਨਾਰੇ ਖੜ੍ਹੇ ਇੱਕ ਅਣਪਛਾਤੇ ਟਰੱਕ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਿਆ।

ਨੀਂਦ ਦੀ ਝਪਕੀ ਬਣੀ ਹਾਦਸੇ ਦਾ ਕਾਰਨ
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਰਗੀਆਂ ਨਾਲ ਲੱਦਿਆ ਇਹ ਕੈਂਟਰ ਪੰਜਾਬ ਦੇ ਮਾਛੀਵਾੜਾ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਗਗਰੇਟ ਵੱਲ ਜਾ ਰਿਹਾ ਸੀ। ਜਦੋਂ ਇਹ ਵਾਹਨ ਫਿਲੌਰ ਨੇੜੇ ਪਹੁੰਚਿਆ ਤਾਂ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ, ਜਿਸ ਕਾਰਨ ਉਹ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਕੈਂਟਰ ਸਿੱਧਾ ਖੜ੍ਹੇ ਟਰੱਕ ਵਿੱਚ ਜਾ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਵਿੱਚ ਸਵਾਰ ਤਿੰਨੋਂ ਲੋਕ ਲਹੂ-ਲੁਹਾਨ ਹੋ ਕੇ ਅੰਦਰ ਹੀ ਫਸ ਗਏ।

ਜਾਣਕਾਰੀ ਅਨੁਸਾਰ, ਹਾਦਸੇ ਤੋਂ ਤੁਰੰਤ ਬਾਅਦ ਸੜਕ ਕਿਨਾਰੇ ਖੜ੍ਹੇ ਟਰੱਕ ਦਾ ਡਰਾਈਵਰ ਆਪਣਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਦੀ ਸੂਚਨਾ ਮਿਲਣ 'ਤੇ SSF ਦੀ ਟੀਮ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚੀ। ਟੀਮ ਨੇ ਲੋਕਾਂ ਦੀ ਮਦਦ ਨਾਲ ਕੈਂਟਰ ਵਿਚ ਫਸੇ ਤਿੰਨੋਂ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ।

ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਦੀ ਪਛਾਣ ਮੁਸ਼ਤਾਕ ਅਲੀ ਵਜੋਂ ਹੋਈ ਹੈ। ਬਾਕੀ ਦੋ ਜ਼ਖ਼ਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ। ਥਾਣਾ ਫਿਲੌਰ ਦੇ ਡਿਊਟੀ ਅਫਸਰ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।