ਭਾਰਤ 'ਚ ਪੈਟਰੋਲ-ਡੀਜ਼ਲ ਹੋ ਸਕਦਾ ਹੈ ਸਸਤਾ, ਈਰਾਨੀ ਤੇਲ 'ਤੇ ਅਮਰੀਕੀ ਪਾਬੰਦੀਆਂ 'ਚ ਛੋਟ

ਵਿਸ਼ਵ ਊਰਜਾ ਬਾਜ਼ਾਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਨੇ 8 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਈਰਾਨੀ ਤੇਲ 'ਤੇ ਲਗਾਈਆਂ ਪਾਬੰਦੀਆਂ ਵਿੱਚ 60 ਦਿਨਾਂ ਦੀ ਅਸਥਾਈ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ : ਵਿਸ਼ਵ ਊਰਜਾ ਬਾਜ਼ਾਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਨੇ 8 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਈਰਾਨੀ ਤੇਲ 'ਤੇ ਲਗਾਈਆਂ ਪਾਬੰਦੀਆਂ ਵਿੱਚ 60 ਦਿਨਾਂ ਦੀ ਅਸਥਾਈ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਗਲੋਬਲ ਮਾਰਕੀਟ ਵਿੱਚ ਈਰਾਨੀ ਤੇਲ ਦੀ ਵਾਪਸੀ ਹੋ ਗਈ ਹੈ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੁਰੰਤ ਗਿਰਾਵਟ ਦਰਜ ਕੀਤੀ ਗਈ ਹੈ।

ਸਫਲ ਡਿਪਲੋਮੈਟਿਕ ਗੱਲਬਾਤ ਦਾ ਨਤੀਜਾ
ਇਹ ਅਹਿਮ ਕਦਮ ਸਵਿਟਜ਼ਰਲੈਂਡ ਵਿਚ ਵਾਸ਼ਿੰਗਟਨ ਅਤੇ ਤੇਹਰਾਨ ਦੇ ਅਧਿਕਾਰੀਆਂ ਵਿਚਕਾਰ ਹੋਈ ਸਫਲ ਕੂਟਨੀਤਕ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ। ਅਮਰੀਕੀ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਅਸਥਾਈ ਲਾਇਸੈਂਸ ਰਾਹੀਂ ਈਰਾਨੀ ਕੱਚੇ ਤੇਲ ਅਤੇ ਪੈਟਰੋ ਕੈਮੀਕਲਜ਼ ਦੇ ਉਤਪਾਦਨ, ਟ੍ਰਾਂਸਪੋਰਟੇਸ਼ਨ ਤੇ ਵਿਕਰੀ ਨਾਲ ਸਬੰਧਤ ਲੈਣ-ਦੇਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਛੋਟ 21 ਅਗਸਤ, 2026 ਤੱਕ ਪ੍ਰਭਾਵੀ ਰਹੇਗੀ। 

ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ
ਈਰਾਨੀ ਤੇਲ ਦੀ ਸਪਲਾਈ ਵਧਣ ਦੀ ਉਮੀਦ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੈਸਟ ਟੈਕਸਾਸ ਇੰਟਰਮੀਡੀਏਟ (WTI) ਕਰੂਡ ਦੀ ਕੀਮਤ 2.7 ਫੀਸਦੀ ਡਿੱਗ ਕੇ 73.82 ਡਾਲਰ ਪ੍ਰਤੀ ਬੈਰਲ 'ਤੇ ਆ ਗਈ, ਜਦੋਂ ਕਿ ਬਰੈਂਟ ਕਰੂਡ ਵੀ 2.8 ਫੀਸਦੀ ਦੀ ਗਿਰਾਵਟ ਨਾਲ 78.29 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਨਾਲ ਮੱਧ ਪੂਰਬ ਵਿੱਚ ਸਪਲਾਈ ਰੁਕਣ ਦੀਆਂ ਚਿੰਤਾਵਾਂ ਘੱਟ ਹੋਣਗੀਆਂ ਅਤੇ ਬਾਜ਼ਾਰ ਸੰਤੁਲਿਤ ਹੋਵੇਗਾ।

ਈਰਾਨੀ ਤੇਲ 'ਤੇ ਮਿਲੀ ਇਸ ਛੋਟ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਨੂੰ ਹੋਣ ਦੀ ਉਮੀਦ ਹੈ। ਭਾਰਤ ਹੁਣ ਈਰਾਨ ਤੋਂ ਤੇਲ ਦੀ ਖਰੀਦ ਵਧਾ ਸਕਦਾ ਹੈ, ਜਿਸ ਨਾਲ ਤੇਲ ਆਯਾਤ ਦੀ ਲਾਗਤ ਵਿਚ ਵੱਡੀ ਕਟੌਤੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਘਰੇਲੂ ਬਾਜ਼ਾਰ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ, ਜਿਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ।

ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਅਨੁਸਾਰ, ਇਹ ਫੈਸਲਾ ਤੇਲ ਦੀਆਂ ਕੀਮਤਾਂ ਵਿਚ ਸਥਿਰਤਾ ਲਿਆਉਣ ਅਤੇ ਹੋਰਮੁਜ਼ ਮਾਰਗ ਤੋਂ ਤੇਲ ਦੇ ਪ੍ਰਵਾਹ ਨੂੰ ਨਿਰੰਤਰ ਜਾਰੀ ਰੱਖਣ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਈਰਾਨ ਨੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (IAEA) ਨੂੰ ਆਪਣੇ ਦੇਸ਼ ਵਿਚ ਜਾਂਚ ਦੀ ਇਜਾਜ਼ਤ ਦੇਣ 'ਤੇ ਵੀ ਸਹਿਮਤੀ ਜਤਾਈ ਹੈ।