ਸੰਗਰੂਰ 'ਚ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ, 4 ਮਹੀਨਿਆਂ 'ਚ ਪਾਰਟੀ ਦਫਤਰ 'ਤੇ ਦੂਜੀ ਅਟੈਕ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਸੰਗਰੂਰ ਵਿੱਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਹਮਲਾਵਰਾਂ ਨੇ ਬੀਅਰ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਉਸ ਨੂੰ ਦਫ਼ਤਰ ਦੀ ਕੰਧ ਦੇ ਉੱਪਰੋਂ ਅੰਦਰ ਸੁੱਟ ਦਿੱਤਾ।
ਸੰਗਰੂਰ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਸੰਗਰੂਰ ਵਿੱਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਹਮਲਾਵਰਾਂ ਨੇ ਬੀਅਰ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਉਸ ਨੂੰ ਦਫ਼ਤਰ ਦੀ ਕੰਧ ਦੇ ਉੱਪਰੋਂ ਅੰਦਰ ਸੁੱਟ ਦਿੱਤਾ।

ਤੜਕੇ ਵਾਪਰੀ ਘਟਨਾ, ਕੇਅਰਟੇਕਰ ਨੇ ਦਿੱਤੀ ਸੂਚਨਾ
ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਦੇਰ ਰਾਤ ਅਤੇ ਸੋਮਵਾਰ ਤੜਕੇ ਦੇ ਵਿਚਕਾਰ ਵਾਪਰੀ। ਸੋਮਵਾਰ ਸਵੇਰੇ ਜਦੋਂ ਦਫ਼ਤਰ ਦੇ ਕੇਅਰਟੇਕਰ ਨੇ ਅੰਦਰ ਅੱਗ ਲੱਗਣ ਦੇ ਨਿਸ਼ਾਨ ਦੇਖੇ ਤਾਂ ਉਸਨੇ ਤੁਰੰਤ ਭਾਜਪਾ ਆਗੂ ਰਣਦੀਪ ਦਿਓਲ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੂੰ ਅੱਗ ਲੱਗਣ ਦੇ ਨਿਸ਼ਾਨ ਅਤੇ ਬੋਤਲ ਦੇ ਟੁਕੜੇ ਮਿਲੇ ਹਨ।

ਪੁਲਿਸ ਅਤੇ ਫੋਰੈਂਸਿਕ ਟੀਮਾਂ ਵੱਲੋਂ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਨਵਜੋਤ ਗਰੇਵਾਲ ਅਤੇ ਐੱਸ.ਪੀ. ਦੇਵੇਂਦਰ ਅੱਤਰੀ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫੋਰੈਂਸਿਕ ਸਾਇੰਸ ਲੈਬ (FSL) ਦੀ ਟੀਮ ਨੇ ਵੀ ਮੌਕੇ ਤੋਂ ਸੈਂਪਲ ਜੁਟਾਏ ਹਨ ਤਾਂ ਜੋ ਵਿਸਫੋਟਕ ਅਤੇ ਜਲਣਸ਼ੀਲ ਪਦਾਰਥ ਦੀ ਪੁਸ਼ਟੀ ਕੀਤੀ ਜਾ ਸਕੇ। ਐੱਸ.ਐੱਸ.ਪੀ. ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।

ਭਾਜਪਾ ਆਗੂ ਰਣਦੀਪ ਦਿਓਲ ਨੇ ਇਸ ਨੂੰ ਸੁਰੱਖਿਆ ਦੀ ਵੱਡੀ ਚੂਕ ਦੱਸਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ। ਦਫ਼ਤਰ ਦੇ ਬਾਹਰ ਹੁਣ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ।

ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਵਿੱਚ ਭਾਜਪਾ ਦਫ਼ਤਰ 'ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ 2026 ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ, ਜਿਸ ਦੀ ਜਾਂਚ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਲਿੰਕ ਸਾਹਮਣੇ ਆਏ ਸਨ। ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੇ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।