ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ!

ਬਠਿੰਡਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਤੋਂ ਠੀਕ ਪਹਿਲਾਂ ਸੋਮਵਾਰ ਰਾਤ ਨੂੰ ਭਾਜਪਾ ਆਗੂ ਅਤੇ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ।
ਬਠਿੰਡਾ : ਬਠਿੰਡਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਤੋਂ ਠੀਕ ਪਹਿਲਾਂ ਸੋਮਵਾਰ ਰਾਤ ਨੂੰ ਭਾਜਪਾ ਆਗੂ ਅਤੇ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦੇ ਸਮੇਂ ਕਲੀਨਿਕ ਵਿਚ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਦੋ ਨਕਾਬਪੋਸ਼ ਵਿਅਕਤੀ ਡਾ. ਤਰਸੇਮ ਗਰਗ ਦੇ 'ਹੈਨਮੈਨ ਕਲੀਨਿਕ' ਦੇ ਬਾਹਰ ਪਹੁੰਚੇ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਗੇਟ ਦੇ ਬਾਹਰ ਖੜ੍ਹੇ ਹੋ ਕੇ ਪੈਟਰੋਲ ਦੀ ਬੋਤਲ ਨੂੰ ਅੱਗ ਲਗਾ ਰਿਹਾ ਸੀ, ਜਦੋਂ ਕਿ ਉਸਦਾ ਦੂਜਾ ਸਾਥੀ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਇਸ ਤੋਂ ਬਾਅਦ ਹਮਲਾਵਰ ਨੇ ਬਲਦਾ ਹੋਇਆ ਪੈਟਰੋਲ ਬੰਬ ਕਲੀਨਿਕ ਦੇ ਗੇਟ ਦੇ ਅੰਦਰ ਸੁੱਟ ਦਿੱਤਾ।

ਇਹ ਪੈਟਰੋਲ ਬੰਬ ਅੰਦਰ ਪਏ ਗਮਲਿਆਂ 'ਤੇ ਡਿੱਗਿਆ, ਜਿਸ ਨਾਲ ਪੌਦਿਆਂ ਨੂੰ ਅੱਗ ਲੱਗ ਗਈ ਅਤੇ ਗਮਲੇ ਟੁੱਟ ਗਏ। ਇਸ ਹਮਲੇ ਕਾਰਨ ਉੱਥੇ ਖੜ੍ਹੀ ਇੱਕ ਸਕੂਟੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈ। ਕਲੀਨਿਕ ਵਿੱਚ ਮੌਜੂਦ ਨੌਜਵਾਨਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਆਪਣੀ ਬਾਈਕ 'ਤੇ ਸਵਾਰ ਹੋ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡਾ. ਤਰਸੇਮ ਗਰਗ ਅਤੇ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ।

ਜਿਸ ਸਥਾਨ 'ਤੇ ਹਮਲਾ ਹੋਇਆ ਹੈ, ਉਸਦੇ ਬਿਲਕੁਲ ਨੇੜੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਵੱਡਾ ਦਫ਼ਤਰ ਵੀ ਸਥਿਤ ਹੈ, ਜਿਸ ਕਾਰਨ ਪੁਲਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਪੁਲਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।