ਭੂਚਾਲ ਦੇ ਦੋਹਰੇ ਝਟਕਿਆਂ ਨਾਲ ਕੰਬਿਆ ਪਾਕਿਸਤਾਨ, ਰਾਜਸਥਾਨ ਸਰਹੱਦ ਨੇੜੇ ਰਿਹਾ ਕੇਂਦਰ

ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ।
ਇਸਲਾਮਾਬਾਦ : ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ, ਭੂਚਾਲ ਦਾ ਪਹਿਲਾ ਝਟਕਾ ਸਵੇਰੇ 6:15 ਵਜੇ ਲੱਗਾ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.3 ਦਰਜ ਕੀਤੀ ਗਈ। ਇਸ ਤੋਂ ਕੁਝ ਦੇਰ ਬਾਅਦ ਹੀ 8:36 ਵਜੇ ਦੂਜਾ ਵਧੇਰੇ ਸ਼ਕਤੀਸ਼ਾਲੀ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 5.5 ਰਹੀ। 

ਰਾਜਸਥਾਨ ਸਰਹੱਦ ਦੇ ਨੇੜੇ ਰਿਹਾ ਕੇਂਦਰ
ਰਿਪੋਰਟਾਂ ਅਨੁਸਾਰ, ਇਨ੍ਹਾਂ ਦੋਵਾਂ ਭੂਚਾਲ ਦੇ ਝਟਕਿਆਂ ਦਾ ਕੇਂਦਰ ਭਾਰਤ ਦੇ ਰਾਜਸਥਾਨ ਬਾਰਡਰ ਦੇ ਨੇੜੇ ਪਾਕਿਸਤਾਨੀ ਖੇਤਰ ਵਿੱਚ ਸੀ। ਭੂਚਾਲ ਇੰਨਾ ਤੇਜ਼ ਸੀ ਕਿ ਲੋਕ ਦਹਿਸ਼ਤ ਦੇ ਮਾਰੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਖੁੱਲ੍ਹੇ ਮੈਦਾਨਾਂ ਵਿੱਚ ਆ ਗਏ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵੇਨੇਜ਼ੁਏਲਾ ਵਿੱਚ ਆਏ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ, ਜਿੱਥੇ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਨੁਕਸਾਨ ਤੇ ਭੂ-ਵਿਗਿਆਨਕ ਕਾਰਨ
ਹਾਲਾਂਕਿ ਇਹ ਝਟਕੇ ਕਾਫੀ ਤੇਜ਼ ਸਨ, ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ। ਭੂ-ਵਿਗਿਆਨੀਆਂ ਅਨੁਸਾਰ, ਪਾਕਿਸਤਾਨ ਭੂਗੋਲਿਕ ਤੌਰ 'ਤੇ 'ਇੰਡੀਅਨ' ਅਤੇ 'ਯੂਰੇਸ਼ੀਅਨ' ਟੈਕਟੋਨਿਕ ਪਲੇਟਾਂ ਦੀ ਸਰਹੱਦ 'ਤੇ ਸਥਿਤ ਹੈ। ਵੱਡੀਆਂ ਫਾਲਟ ਲਾਈਨਾਂ ਦੇ ਨੇੜੇ ਹੋਣ ਕਾਰਨ ਪੰਜਾਬ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਰਗੇ ਖੇਤਰ ਹਮੇਸ਼ਾ ਭੂਚਾਲ ਦੇ ਉੱਚ ਖ਼ਤਰੇ ਹੇਠ ਰਹਿੰਦੇ ਹਨ।