ਪਾਕਿਸਤਾਨ: ਬਲੋਚਿਸਤਾਨ ਦੇ FC ਹੈੱਡਕੁਆਰਟਰ 'ਤੇ ਵੱਡਾ ਆਤਮਘਾਤੀ ਹਮਲਾ, 6 ਜਵਾਨ ਸ਼ਹੀਦ

ਹਮਲੇ ਦੇ ਮੱਦੇਨਜ਼ਰ, ਸਾਰੇ ਸਬੰਧਤ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਘਟਨਾ ਸਥਾਨ 'ਤੇ ਸਹਾਇਤਾ ਲਈ ਕੁਏਟਾ ਤੋਂ ਦੋ ਹੈਲੀਕਾਪਟਰ ਵੀ ਭੇਜੇ ਗਏ ਹਨ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਵੱਡੇ ਆਤਮਘਾਤੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਚਾਗਾਈ ਜ਼ਿਲ੍ਹੇ ਦੇ ਨੋਕੁੰਦੀ ਇਲਾਕੇ ਵਿੱਚ ਸਥਿਤ ਫਰੰਟੀਅਰ ਕੋਰਪਸ ਦੇ ਹੈੱਡਕੁਆਰਟਰ ਦੇ ਮੁੱਖ ਗੇਟ ਨੂੰ ਨਿਸ਼ਾਨਾ ਬਣਾ ਕੇ ਅੱਜ ਸਵੇਰੇ ਇੱਕ ਆਤਮਘਾਤੀ ਹਮਲਾ ਕੀਤਾ ਗਿਆ।ਅਧਿਕਾਰਤ ਸੂਤਰਾਂ ਨੇ ਇਸ ਹਮਲੇ ਵਿੱਚ ਛੇ ਕਰਮਚਾਰੀਆਂ/ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਰਿਪੋਰਟਾਂ ਅਨੁਸਾਰ ਇਹ ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਹੈੱਡਕੁਆਰਟਰ ਦਾ ਮੁੱਖ ਗੇਟ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਅਤੇ ਨਾਲ ਲੱਗਦੀਆਂ ਕੰਧਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਪਾਕਿਸਤਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਹਥਿਆਰਬੰਦ ਹਮਲਾਵਰ FC ਮੁੱਖ ਦਫ਼ਤਰ ਦੇ ਅੰਦਰ ਦਾਖਲ ਹੋ ਗਏ ਸਨ। ਮੁੱਖ ਦਫ਼ਤਰ ਕੰਪਲੈਕਸ ਦੇ ਅੰਦਰ ਅਜੇ ਵੀ ਗੋਲੀਬਾਰੀ ਅਤੇ ਝੜਪਾਂ ਜਾਰੀ ਹਨ, ਜਿਸ ਕਾਰਨ ਸਥਿਤੀ ਨੂੰ ਬਹੁਤ ਤਣਾਅਪੂਰਨ ਦੱਸਿਆ ਜਾ ਰਿਹਾ ਹੈ।

ਹਮਲੇ ਦੇ ਮੱਦੇਨਜ਼ਰ, ਸਾਰੇ ਸਬੰਧਤ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਘਟਨਾ ਸਥਾਨ 'ਤੇ ਸਹਾਇਤਾ ਲਈ ਕੁਏਟਾ ਤੋਂ ਦੋ ਹੈਲੀਕਾਪਟਰ ਵੀ ਭੇਜੇ ਗਏ ਹਨ। ਇਸ ਹਮਲੇ ਲਈ ਕਥਿਤ ਤੌਰ 'ਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਦੀ ਸਾਦਓ ਆਪਰੇਸ਼ਨਲ ਬਟਾਲੀਅਨ  'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨੀ ਸੁਰੱਖਿਆ ਟਿਕਾਣਿਆਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।