ਮਾਨਸਾ 'ਚ ਦਰਦਨਾਕ ਘਟਨਾ! ਆਰਥਿਕ ਤੰਗੀ ਕਾਰਨ ਮਾਂ ਨੇ 3 ਬੱਚੇ ਮਾਰਨ ਮਗਰੋਂ ਕੀਤੀ ਖ਼ੁਦਕੁਸ਼ੀ

ਮਾਨਸਾ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਆਪਣੇ ਤਿੰਨ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਅਨੁਸਾਰ ਇਹ ਘਟਨਾ ਵੀਰਵਾਰ ਦੀ ਹੈ।
ਮਾਨਸਾ : ਮਾਨਸਾ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਆਪਣੇ ਤਿੰਨ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਖ਼ੁਦ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਪਹਿਲਾਂ ਜ਼ਹਿਰ ਦਿੱਤਾ, ਫਿਰ ਗਲਾ ਘੁੱਟਿਆ
ਥਾਣਾ ਸਿਟੀ-2 ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਨੇ ਪਹਿਲਾਂ ਆਪਣੀ ਬੇਟੀ ਮੋਟੋ ਕੌਰ (13), ਕਾਲੂ (8) ਅਤੇ ਬੇਟੇ ਵਿਸ਼ਵਾਸ ਨੂੰ ਜ਼ਹਿਰੀਲੀ ਚੀਜ਼ ਦਿੱਤੀ ਅਤੇ ਫਿਰ ਉਨ੍ਹਾਂ ਦਾ ਗਲਾ ਘੁੱਟ ਦਿੱਤਾ। ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮਹਿਲਾ ਨੇ ਖ਼ੁਦ ਕਮਰੇ ਵਿੱਚ ਲੱਗੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮਹਿਲਾ ਦੀ ਪਛਾਣ ਸ਼ੰਦੀਪ ਕੌਰ ਵਜੋਂ ਹੋਈ ਹੈ।

ਪਤੀ ਦੀ ਮੌਤ ਤੋਂ ਬਾਅਦ ਵਧੀਆਂ ਮੁਸ਼ਕਿਲਾਂ
ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੌਰ ਦੇ ਪਤੀ ਦੀ ਚਾਰ ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਆ ਗਈ ਸੀ। ਉਹ ਮਜ਼ਦੂਰੀ ਕਰਕੇ ਆਪਣੀ ਸੱਸ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਸੀ ਅਤੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਰਿਸ਼ਤੇਦਾਰਾਂ ਅਨੁਸਾਰ ਆਰਥਿਕ ਤੰਗੀ ਇੰਨੀ ਵਧ ਗਈ ਸੀ ਕਿ ਘਰ ਦਾ ਖ਼ਰਚ ਚਲਾਉਣਾ ਮੁਸ਼ਕਿਲ ਹੋ ਗਿਆ ਸੀ, ਜਿਸ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿਚ ਸੀ।

ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਸੰਦੀਪ ਕੌਰ ਦਾ ਰਿਸ਼ਤੇਦਾਰ ਰੋਸ਼ਨ ਸਿੰਘ ਉੱਥੇ ਪਹੁੰਚਿਆ ਅਤੇ ਉਸਨੇ ਦੇਖਿਆ ਕਿ ਉਸਦਾ ਆਪਣਾ ਬੇਟਾ ਘਰ ਦੇ ਬਾਹਰ ਬੈਠਾ ਰੋ ਰਿਹਾ ਸੀ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਸੰਦੀਪ ਕੌਰ ਫਾਹੇ ਨਾਲ ਲਟਕ ਰਹੀ ਸੀ। ਉਸਨੇ ਤੁਰੰਤ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।