ਮਹਾਰਾਸ਼ਟਰ 'ਚ ਦਰਦਨਾਕ ਹਾਦਸਾ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ 14 ਲੋਕਾਂ ਦੀ ਮੌਤ

ਰਮਾਬਾਈ ਅਪਾਰਟਮੈਂਟਸ ਦੇ ਪਿਛਲੇ ਹਿੱਸੇ ਦੇ 12.05 ਵਜੇ ਢਹਿ ਜਾਣ ਤੋਂ 33 ਘੰਟਿਆਂ ਤੋਂ ਵੱਧ ਸਮੇਂ ਬਾਅਦ, ਹਾਦਸੇ ਵਾਲੀ ਥਾਂ 'ਤੇ ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ।

ਮਹਾਰਾਸ਼ਟਰ ਦੇ ਪਾਲਘਰ ਦੇ ਵਸਈ 'ਚ ਨਾਰੰਗੀ ਰੋਡ 'ਤੇ ਕੱਲ੍ਹ ਚਾਰ ਮੰਜ਼ਿਲਾ ਇਮਾਰਤ ਦੇ ਪਿਛਲੇ ਹਿੱਸੇ ਦੇ ਢਹਿ ਜਾਣ ਦੇ ਮਾਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਚਾਮੁੰਡਾ ਨਗਰ ਅਤੇ ਵਿਜੇ ਨਗਰ ਦੇ ਵਿਚਕਾਰ ਸਥਿਤ ਇਮਾਰਤ ਨਾਲ ਸਬੰਧਤ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਐਨਡੀਆਰਐਫ ਦੇ ਅਨੁਸਾਰ, ਬਚਾਅ ਕਾਰਜ ਜਾਰੀ ਹਨ।

ਰਮਾਬਾਈ ਅਪਾਰਟਮੈਂਟਸ ਦੇ ਪਿਛਲੇ ਹਿੱਸੇ ਦੇ 12.05 ਵਜੇ ਢਹਿ ਜਾਣ ਤੋਂ 33 ਘੰਟਿਆਂ ਤੋਂ ਵੱਧ ਸਮੇਂ ਬਾਅਦ, ਹਾਦਸੇ ਵਾਲੀ ਥਾਂ 'ਤੇ ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ। ਵਸਈ ਵਿਰਾਰ ਨਗਰ ਨਿਗਮ (ਵੀਵੀਐਮਸੀ) ਨੇ ਕਿਹਾ ਕਿ ਚਾਰ ਲੋਕ ਅਜੇ ਵੀ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਅਤੇ ਮੁੰਬਈ ਦੇ ਬਾਹਰਵਾਰ ਨਾਲਾਸੋਪਾਰਾ 'ਚ ਦਾਖਲ ਹਨ। ਤਿੰਨ ਹੋਰਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਵਸਈ ਵਿਰਾਰ ਨਗਰ ਨਿਗਮ (VVMC) ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਇਮਾਰਤ ਦੇ ਬਿਲਡਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਹੁਣ ਤੱਕ 14 ਮ੍ਰਿਤਕਾਂ ਵਿੱਚੋਂ 7 ਦੀ ਪਛਾਣ ਅਰੋਹੀ ਓਮਕਾਰ ਜੋਵਿਲ (24), ਉਸਦੀ ਇੱਕ ਸਾਲ ਦੀ ਧੀ ਉਤਕਰਸ਼ਾ ਜੋਵਿਲ, ਲਕਸ਼ਮਣ ਕਿਸਕੂ ਸਿੰਘ (26), ਦਿਨੇਸ਼ ਪ੍ਰਕਾਸ਼ ਸਪਕਲ (43), ਸੁਪ੍ਰੀਆ ਨਿਵਾਲਕਰ (38), ਅਰਨਵ ਨਿਵਾਲਕਰ (11) ਅਤੇ ਪਾਰਵਤੀ ਸਪਕਲ ਵਜੋਂ ਕੀਤੀ ਹੈ। ਜ਼ਿਲ੍ਹਾ ਕੁਲੈਕਟਰ ਇੰਦੂ ਰਾਣੀ ਜਾਖੜ ਨੇ ਕਿਹਾ ਹੈ ਕਿ ਮਲਬੇ ਹੇਠ ਅਜੇ ਵੀ ਕੁਝ ਹੋਰ ਲੋਕ ਫਸੇ ਹੋ ਸਕਦੇ ਹਨ। ਪਾਲਘਰ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਵਿਵੇਕਾਨੰਦ ਕਦਮ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਘਰ 'ਤੇ ਇਮਾਰਤ ਡਿੱਗੀ ਉਹ ਖਾਲੀ ਸੀ। ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ, ਇਮਾਰਤ ਦੇ ਆਲੇ ਦੁਆਲੇ ਦੇ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।