ਮੋਟਾਪਾ ਵਧਾ ਸਕਦਾ ਹੈ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ, ਸਟੱਡੀ 'ਚ ਹੋਇਆ ਵੱਡਾ ਖ਼ੁਲਾਸਾ

ਸਿਹਤ ਮਾਹਿਰਾਂ ਵੱਲੋਂ ਅਕਸਰ ਮੋਟਾਪੇ ਨੂੰ ਕਈ ਬਿਮਾਰੀਆਂ ਦੀ ਜੜ੍ਹ ਦੱਸਿਆ ਜਾਂਦਾ ਹੈ, ਪਰ ਹਾਲ ਹੀ ਵਿਚ ਹੋਈ ਇੱਕ ਵੱਡੀ ਖੋਜ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਪ੍ਰਸਿੱਧ ਜਰਨਲ 'ਨੇਚਰ ਮੈਟਾਬੋਲਿਜ਼ਮ' ਵਿਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਵਧਿਆ ਹੋਇਆ ਬੌਡੀ ਮਾਸ ਇੰਡੈਕਸ ਸਰੀਰ ਵਿਚ ਕਈ ਕਿਸਮਾਂ ਦੇ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਵਧਾ ਸਕਦਾ ਹੈ।
ਨਵੀਂ ਦਿੱਲੀ : ਸਿਹਤ ਮਾਹਿਰਾਂ ਵੱਲੋਂ ਅਕਸਰ ਮੋਟਾਪੇ ਨੂੰ ਕਈ ਬਿਮਾਰੀਆਂ ਦੀ ਜੜ੍ਹ ਦੱਸਿਆ ਜਾਂਦਾ ਹੈ, ਪਰ ਹਾਲ ਹੀ ਵਿਚ ਹੋਈ ਇੱਕ ਵੱਡੀ ਖੋਜ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਪ੍ਰਸਿੱਧ ਜਰਨਲ 'ਨੇਚਰ ਮੈਟਾਬੋਲਿਜ਼ਮ' ਵਿਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਵਧਿਆ ਹੋਇਆ ਬੌਡੀ ਮਾਸ ਇੰਡੈਕਸ ਸਰੀਰ ਵਿਚ ਕਈ ਕਿਸਮਾਂ ਦੇ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਵਧਾ ਸਕਦਾ ਹੈ। 

ਇਸ ਵਿਆਪਕ ਅਧਿਐਨ ਵਿਚ ਦੁਨੀਆ ਭਰ ਦੀਆਂ 226 ਵਿਗਿਆਨਕ ਖੋਜਾਂ ਅਤੇ ਲਗਭਗ 15 ਲੱਖ ਕੈਂਸਰ ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਖੋਜ ਵਿੱਚ ਸਾਹਮਣੇ ਆਇਆ ਹੈ ਕਿ BMI ਵਿੱਚ ਹਰ 5 ਅੰਕਾਂ ਦੇ ਵਾਧੇ ਨਾਲ ਕੈਂਸਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਉਦਾਹਰਨ ਵਜੋਂ, ਜੇਕਰ ਕਿਸੇ ਦਾ BMI 25 ਤੋਂ ਵਧ ਕੇ 30 ਹੋ ਜਾਂਦਾ ਹੈ ਤਾਂ ਉਸ ਵਿਚ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦੱਸਣਯੋਗ ਹੈ ਕਿ 30 ਤੋਂ ਵੱਧ BMI ਵਾਲੇ ਵਿਅਕਤੀ ਨੂੰ ਮੋਟਾਪੇ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।

ਇਨ੍ਹਾਂ ਕੈਂਸਰਾਂ ਦਾ ਵੱਧ ਸਕਦਾ ਹੈ ਖ਼ਤਰਾ
ਰਿਪੋਰਟ ਅਨੁਸਾਰ, ਵਧਿਆ ਹੋਇਆ BMI ਖਾਸ ਤੌਰ 'ਤੇ ਹੇਠ ਲਿਖੇ ਕੈਂਸਰਾਂ ਦਾ ਜੋਖਮ ਵਧਾਉਂਦਾ ਹੈ:
ਐਂਡੋਮੈਟਰੀਅਲ ਕੈਂਸਰ: BMI ਵਿਚ ਹਰ 5 ਅੰਕਾਂ ਦੇ ਵਾਧੇ ਨਾਲ ਇਸ ਦਾ ਖ਼ਤਰਾ 58 ਫੀਸਦੀ ਤੱਕ ਵਧ ਸਕਦਾ ਹੈ।
ਈਸੋਫੇਜੀਅਲ ਐਡੀਨੋਕਾਰਸੀਨੋਮਾ: ਇਸ ਦਾ ਖ਼ਤਰਾ 47 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਬਲੱਡ ਕੈਂਸਰ, ਬਲੈਡਰ ਕੈਂਸਰ ਅਤੇ ਨਾਨ-ਹੌਜਕਿਨ ਲਿਮਫੋਮਾ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ।

ਮੋਟਾਪਾ ਕਿਵੇਂ ਬਣਦਾ ਹੈ ਕੈਂਸਰ ਦਾ ਕਾਰਨ?
ਵਿਗਿਆਨੀਆਂ ਅਨੁਸਾਰ, ਜਦੋਂ ਸਰੀਰ ਵਿਚ ਵਾਧੂ ਚਰਬੀ ਜਮ੍ਹਾਂ ਹੋਣ ਲੱਗਦੀ ਹੈ ਤਾਂ ਇਹ ਇੰਸੁਲਿਨ ਅਤੇ ਐਸਟ੍ਰੋਜਨ ਵਰਗੇ ਹਾਰਮੋਨਾਂ ਦੇ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸਰੀਰ ਵਿਚ ਲੰਬੇ ਸਮੇਂ ਤੱਕ ਸੋਜ ਰਹਿ ਸਕਦੀ ਹੈ ਅਤੇ ਆਕਸੀਡੇਟਿਵ ਸਟ੍ਰੈਸ ਵਧ ਸਕਦਾ ਹੈ, ਜੋ ਸਿੱਧੇ ਤੌਰ 'ਤੇ ਕੈਂਸਰ ਦੇ ਸੈੱਲਾਂ ਨੂੰ ਵਧਣ ਵਿਚ ਮਦਦ ਕਰਦਾ ਹੈ।

ਭਾਰਤ ਵਿਚ ਵਧ ਰਹੀ ਸਮੱਸਿਆ
ਪਿਛਲੇ ਤਿੰਨ ਦਹਾਕਿਆਂ ਵਿਚ ਦੁਨੀਆ ਭਰ ਦੇ ਨਾਲ-ਨਾਲ ਭਾਰਤ ਵਿਚ ਵੀ ਮੋਟਾਪੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਗਲਤ ਖਾਣ-ਪੀਣ ਤੇ ਖਰਾਬ ਜੀਵਨ ਸ਼ੈਲੀ ਇਸ ਦਾ ਮੁੱਖ ਕਾਰਨ ਹੈ। ਹੁਣ ਤੱਕ ਮੋਟਾਪੇ ਨੂੰ ਸਿਰਫ਼ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ, ਪਰ ਇਸ ਨਵੀਂ ਸਟੱਡੀ ਨੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਵੱਲ ਇਸ਼ਾਰਾ ਕੀਤਾ ਹੈ।

ਬਚਾਅ ਦੇ ਤਰੀਕੇ
ਮਾਹਿਰਾਂ ਨੇ ਮੋਟਾਪੇ ਨੂੰ ਕੰਟਰੋਲ ਕਰਨ ਲਈ ਹੇਠ ਲਿਖੇ ਸੁਝਾਅ ਦਿੱਤੇ ਹਨ:
1. ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰੋ।
2. ਵੱਧ ਮਾਤਰਾ ਵਿਚ ਤੇਲ ਤੇ ਮੈਦੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
3. ਮਿੱਠੀਆਂ ਚੀਜ਼ਾਂ ਦਾ ਸੇਵਨ ਸੀਮਤ ਕਰੋ।
4. ਆਪਣੀ ਖੁਰਾਕ ਵਿਚ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰੋ।