ਜੈਪੁਰ 'ਚ ਨੂਰਾਨੀ ਮਸਜਿਦ ਸੀਲ, ਸੜਕ ਚੌੜੀ ਕਰਨ ਲਈ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ, ਇੰਟਰਨੈੱਟ ਬੰਦ

ਜੈਪੁਰ ਵਿਕਾਸ ਅਥਾਰਟੀ (JDA) ਨੇ ਸ਼ਹਿਰ ਦੇ ਨੰਦਪੁਰੀ ਇਲਾਕੇ 'ਚ ਸੜਕ ਚੌੜੀ ਕਰਨ ਦੇ ਰਸਤੇ 'ਚ ਆ ਰਹੇ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਦੀ ਟੀਮ ਨੇ ਭਾਰੀ ਪੁਲਸ ਬਲ ਦੀ ਮੌਜੂਦਗੀ 'ਚ ਨੂਰਾਨੀ ਮਸਜਿਦ ਨੂੰ ਸੀਲ ਕਰ ਦਿੱਤਾ ਹੈ ਤੇ ਇਸ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਜੈਪੁਰ : ਜੈਪੁਰ ਵਿਕਾਸ ਅਥਾਰਟੀ (JDA) ਨੇ ਸ਼ਹਿਰ ਦੇ ਨੰਦਪੁਰੀ ਇਲਾਕੇ 'ਚ ਸੜਕ ਚੌੜੀ ਕਰਨ ਦੇ ਰਸਤੇ 'ਚ ਆ ਰਹੇ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਦੀ ਟੀਮ ਨੇ ਭਾਰੀ ਪੁਲਸ ਬਲ ਦੀ ਮੌਜੂਦਗੀ 'ਚ ਨੂਰਾਨੀ ਮਸਜਿਦ ਨੂੰ ਸੀਲ ਕਰ ਦਿੱਤਾ ਹੈ ਤੇ ਇਸ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਪੰਜ ਧਾਰਮਿਕ ਸਥਾਨਾਂ 'ਤੇ ਹੋਵੇਗੀ ਕਾਰਵਾਈ
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਮਾਲਵੀਆ ਨਗਰ ਤੋਂ ਜਗਤਪੁਰਾ ਤੱਕ ਦੀ ਮੁੱਖ ਸੜਕ ਨੂੰ ਚੌੜਾ ਕਰਨ ਲਈ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਸੀ। ਨੰਦਪੁਰੀ ਅੰਡਰਪਾਸ ਦੇ ਕੋਲ ਰੇਲਵੇ ਲਾਈਨ ਦੇ ਨਾਲ ਲੱਗਦੀ ਸੜਕ ਨੂੰ 25-30 ਫੁੱਟ ਤੋਂ ਵਧਾ ਕੇ 80 ਫੁੱਟ ਕੀਤਾ ਜਾਣਾ ਹੈ। ਇਸ ਕਾਰਵਾਈ ਵਿੱਚ ਸੜਕ ਦੀ ਹੱਦ (Right of Way) ਵਿੱਚ ਆਉਣ ਵਾਲੇ ਪੰਜ ਧਾਰਮਿਕ ਸਥਾਨਾਂ ਨੂੰ ਹਟਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਇੱਕ ਮਸਜਿਦ, ਦੋ ਮੰਦਰ, ਇੱਕ ਸਤਸੰਗ ਹਾਲ ਅਤੇ ਇੱਕ ਮਜ਼ਾਰ ਸ਼ਾਮਲ ਹੈ।

ਸੁਰੱਖਿਆ ਦੇ ਸਖ਼ਤ ਪ੍ਰਬੰਧ
ਇਸ ਸੰਵੇਦਨਸ਼ੀਲ ਕਾਰਵਾਈ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੌਕੇ 'ਤੇ 3,000 ਤੋਂ ਵੱਧ ਜਵਾਨ ਅਤੇ 50 ਤੋਂ ਵੱਧ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਸੁਰੱਖਿਆ ਦੇ ਲਿਹਾਜ਼ ਨਾਲ ਮੁਸਲਿਮ ਬਹੁਲ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੱਢਿਆ ਹੈ। ਜੈਪੁਰ ਦੇ ਪੁਲਿਸ ਕਮਿਸ਼ਨਰ ਸਚਿਨ ਮਿੱਤਲ ਨੇ ਚਿਤਾਵਨੀ ਦਿੱਤੀ ਹੈ ਕਿ ਭੜਕਾਊ ਵੀਡੀਓ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਅਸਾਜਿਕ ਤੱਤਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਸਿਆਸੀ ਵਿਰੋਧ ਅਤੇ ਵਿਵਾਦ
ਇਸ ਕਾਰਵਾਈ 'ਤੇ ਸਿਆਸੀ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸ ਵਿਧਾਇਕ ਰਫੀਕ ਖਾਨ ਨੇ ਇਸ ਕਾਰਵਾਈ 'ਤੇ ਸਵਾਲ ਉਠਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਨੂਰਾਨੀ ਮਸਜਿਦ ਬਿਲਡਿੰਗ ਬਾਈਲਾਜ਼ ਤੇ ਤੈਅ ਨਿਯਮਾਂ ਅਨੁਸਾਰ ਬਣਾਈ ਗਈ ਸੀ। ਦੂਜੇ ਪਾਸੇ, ਇਹ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਜੇਡੀਏ ਨੇ ਇਸ ਨੂੰ ਹਟਾਉਣ ਦੀ ਪੂਰੀ ਤਿਆਰੀ ਕਰ ਲਈ ਸੀ। ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ।