ਨੀਟ ਪੇਪਰ ਲੀਕ ਵਿਰੋਧ! ਵਿਦਿਆਰਥੀਆਂ 'ਤੇ ਪੈਲੇਟ ਗਨ ਤੇ AK-47 ਦੀ ਵਰਤੋਂ 'ਤੇ ਘਿਰੀ ਪੁਲਿਸ

ਨੀਟ ਪੇਪਰ ਲੀਕ ਵਿਵਾਦ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੇ ਵਿਦਿਆਰਥੀ ਅੰਦੋਲਨਾਂ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਵਾਧੂ ਬਲ ਪ੍ਰਯੋਗ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਕਾਰੀਆਂ 'ਤੇ ਪੈਲੇਟ ਗਨ ਚਲਾਉਣ ਅਤੇ ਬਿਹਾਰ ਦੇ ਸੀਵਾਨ ਵਿੱਚ AK-47 ਤਾਣਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਾਨੂੰਨੀ ਸ਼ਿਕੰਜੇ ਵਿੱਚ ਫਸਦੀ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ : ਨੀਟ ਪੇਪਰ ਲੀਕ ਵਿਵਾਦ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੇ ਵਿਦਿਆਰਥੀ ਅੰਦੋਲਨਾਂ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਵਾਧੂ ਬਲ ਪ੍ਰਯੋਗ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਕਾਰੀਆਂ 'ਤੇ ਪੈਲੇਟ ਗਨ ਚਲਾਉਣ ਅਤੇ ਬਿਹਾਰ ਦੇ ਸੀਵਾਨ ਵਿੱਚ AK-47 ਤਾਣਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਾਨੂੰਨੀ ਸ਼ਿਕੰਜੇ ਵਿੱਚ ਫਸਦੀ ਨਜ਼ਰ ਆ ਰਹੀ ਹੈ।

ਜੰਤਰ-ਮੰਤਰ 'ਤੇ ਪੈਲੇਟ ਗਨ ਦਾ ਇਸਤੇਮਾਲ
ਜਾਣਕਾਰੀ ਅਨੁਸਾਰ, 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਜੰਤਰ-ਮੰਤਰ ਅਤੇ ਕਨਾਟ ਪਲੇਸ ਇਲਾਕੇ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਆਰ.ਏ.ਐੱਫ (RAF) ਦੇ ਇੱਕ ਜਵਾਨ ਵੱਲੋਂ ਪੈਲੇਟ ਰਾਊਂਡ ਚਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਪੈਲੇਟ ਜ਼ਮੀਨ ਨਾਲ ਟਕਰਾ ਕੇ ਬਿਖਰ ਗਏ, ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ 19 ਸਾਲਾ ਵਿਦਿਆਰਥੀ ਸਾਹਿਲ ਲੋਛਾਬ ਦੀ ਇੱਕ ਅੱਖ ਦੀ ਰੌਸ਼ਨੀ ਜਾਣ ਦਾ ਖਤਰਾ ਬਣਿਆ ਹੋਇਆ ਹੈ। ਫਿਲਹਾਲ ਸੀ.ਆਰ.ਪੀ.ਐੱਫ. ਇਸ ਮਾਮਲੇ ਵਿੱਚ ਇੱਕ ਅੰਦਰੂਨੀ ਰਿਪੋਰਟ ਤਿਆਰ ਕਰ ਰਹੀ ਹੈ।

AK-47 ਤਾਣਨ ਵਾਲਾ ਜਵਾਨ ਮੁਅੱਤਲ
ਬਿਹਾਰ ਦੇ ਸੀਵਾਨ ਵਿੱਚ ਨੀਟ ਪੇਪਰ ਲੀਕ ਦੇ ਵਿਰੋਧ ਵਿੱਚ 'ਬਿਹਾਰ ਬੰਦ' ਦੌਰਾਨ ਇੱਕ ਪੁਲਿਸ ਜਵਾਨ ਵੱਲੋਂ AK-47 ਨਾਲ ਹਵਾਈ ਫਾਇਰਿੰਗ ਕਰਨ ਅਤੇ ਵਿਦਿਆਰਥੀਆਂ 'ਤੇ ਬੰਦੂਕ ਤਾਣਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਪੁਲਿਸ ਹੈੱਡਕੁਆਰਟਰ ਨੇ ਕਾਰਵਾਈ ਕਰਦਿਆਂ ਐੱਸ.ਆਈ.ਟੀ.  ਵਿੱਚ ਤਾਇਨਾਤ ਜਵਾਨ ਅਭਿਸ਼ੇਕ ਪਟੇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। 

ਸੁਪਰੀਮ ਕੋਰਟ ਤੱਕ ਪਹੁੰਚਿਆ ਮਾਮਲਾ
ਰਾਜ ਸਭਾ ਮੈਂਬਰ ਮਨੋਜ ਕੁਮਾਰ ਝਾਅ ਨੇ ਇਸ ਪੂਰੇ ਘਟਨਾਕ੍ਰਮ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਘਾਤਕ ਹਥਿਆਰਾਂ ਅਤੇ ਅੰਨ੍ਹੇਵਾਹ ਬਲ ਦੀ ਵਰਤੋਂ ਕੀਤੀ ਗਈ ਹੈ। ਅਦਾਲਤ ਵਿੱਚ ਪੁਲਿਸ ਲਈ ਇਹ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ ਕਿ ਨਿਹੱਥੇ ਵਿਦਿਆਰਥੀਆਂ ਵਿਰੁੱਧ ਅਜਿਹੇ ਹਥਿਆਰਾਂ ਦੀ ਵਰਤੋਂ ਕਿਉਂ ਕੀਤੀ ਗਈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਘਟਨਾਕ੍ਰਮ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੋਰ ਪੁਲਿਸ ਕਰਮੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।