ਕੈਨੇਡਾ ਵਿੱਚ ਲੁਧਿਆਣਾ ਦੀ ਔਰਤ ਦਾ ਕਤਲ: ਦਿਓਰ ਨੇ ਪਹਿਲਾਂ ਕਾਰ ਦਾ ਕੀਤਾ ਐਕਸੀਡੈਂਟ, ਫਿਰ ਜ਼ਿੰਦਾ ਸਾੜਿਆ

ਡੈਲਟਾ ਪੁਲਸ ਅਨੁਸਾਰ ਇਹ ਘਟਨਾ 26 ਅਕਤੂਬਰ ਨੂੰ ਰਾਤ 11:20 ਵਜੇ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਵਾਪਰੀ ਸੀ। ਸੂਚਨਾ ਮਿਲਣ 'ਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਕਾਰ ਅੰਦਰ ਇੱਕ ਔਰਤ ਸੜਨ ਕਾਰਨ ਮਰ ਚੁੱਕੀ ਸੀ।
ਕੈਨੇਡਾ ਦੇ ਡੈਲਟਾ ਸ਼ਹਿਰ ਵਿੱਚ ਪੰਜਾਬ ਦੇ ਲੁਧਿਆਣਾ ਦੀ ਇੱਕ ਔਰਤ ਮਨਦੀਪ ਕੌਰ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਕਤਲ ਉਸ ਦੇ ਦਿਓਰ ਗੁਰਜੋਤ ਸਿੰਘ ਨੇ ਕੀਤਾ। ਜਾਂਚ ਵਿੱਚ ਪਤਾ ਲੱਗਾ ਕਿ ਮੁਲਜ਼ਮ ਦਿਓਰ ਨੇ ਪਹਿਲਾਂ ਭਰਜਾਈ ਦੀ ਕਾਰ ਦਾ ਐਕਸੀਡੈਂਟ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮੁਲਜ਼ਮ ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੈਲਟਾ ਪੁਲਸ ਅਨੁਸਾਰ ਇਹ ਘਟਨਾ 26 ਅਕਤੂਬਰ ਨੂੰ ਰਾਤ 11:20 ਵਜੇ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਵਾਪਰੀ ਸੀ। ਸੂਚਨਾ ਮਿਲਣ 'ਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਕਾਰ ਅੰਦਰ ਇੱਕ ਔਰਤ ਸੜਨ ਕਾਰਨ ਮਰ ਚੁੱਕੀ ਸੀ। ਮ੍ਰਿਤਕ ਦੀ ਪਛਾਣ 30 ਸਾਲਾ ਮਨਦੀਪ ਕੌਰ ਵਜੋਂ ਹੋਈ। ਮਨਦੀਪ ਕੌਰ ਲੁਧਿਆਣਾ ਦੇ ਗੁਜਰਵਾਲ ਦੀ ਰਹਿਣ ਵਾਲੀ ਸੀ ਜਦਕਿ ਮੁਲਜ਼ਮ ਗੁਰਜੋਤ ਸਿੰਘ ਸਿੱਧਵਾਂ ਬੇਟ ਦੇ ਲੋਧੀਵਾਲ ਪਿੰਡ ਦਾ ਵਸਨੀਕ ਹੈ। ਦੋਵੇਂ ਕੈਨੇਡਾ ਵਿੱਚ PR ਸਨ। ਜਾਂਚ ਕਤਲ ਕੇਸ ਵਿੱਚ ਬਦਲੀ ਇਸ ਮਾਮਲੇ ਦੀ ਜਾਂਚ ਡੈਲਟਾ ਪੁਲਸ ਦੇ ਮੇਜਰ ਕ੍ਰਾਈਮ ਸੈਕਸ਼ਨ, ਟ੍ਰੈਫਿਕ ਡਿਪਾਰਟਮੈਂਟ ਅਤੇ ਕੇ-9 ਯੂਨਿਟ ਸਮੇਤ ਕਈ ਵਿਭਾਗਾਂ ਨੇ ਕੀਤੀ। ਜਾਂਚ ਦੌਰਾਨ ਜਦੋਂ ਹਾਲਾਤ ਸ਼ੱਕੀ ਪਾਏ ਗਏ ਤਾਂ ਇਸ ਕੇਸ ਨੂੰ ਕਾਰ ਹਾਦਸੇ ਤੋਂ ਕਤਲ ਦੀ ਜਾਂਚ ਵਿੱਚ ਬਦਲ ਦਿੱਤਾ ਗਿਆ।

ਡੈਲਟਾ ਪੁਲਸ ਨੇ ਮੁਲਜ਼ਮ ਦੇ ਖਿਲਾਫ਼ 25 ਨਵੰਬਰ ਨੂੰ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ। ਮੁਲਜ਼ਮ ਗੁਰਜੋਤ ਸਿੰਘ 'ਤੇ ਸ਼ੁਰੂ ਵਿੱਚ ਮਨੁੱਖੀ ਅਵਸ਼ੇਸ਼ਾਂ ਨਾਲ ਅਣਮਨੁੱਖੀ ਵਿਵਹਾਰ ਦਾ ਦੋਸ਼ ਲਗਾਇਆ ਗਿਆ ਸੀ। ਬਾਅਦ ਵਿੱਚ, 25 ਨਵੰਬਰ ਨੂੰ ਹੀ ਕ੍ਰਾਊਨ ਕਾਉਂਸਿਲ ਨੇ ਕ੍ਰਿਮੀਨਲ ਕੋਡ ਦੀ ਧਾਰਾ 235(1) ਤਹਿਤ ਦੂਜੇ ਦਰਜੇ ਦੇ ਕਤਲ  ਦਾ ਇੱਕ ਹੋਰ ਦੋਸ਼ ਵੀ ਮਨਜ਼ੂਰ ਕਰ ਲਿਆ। ਪਿਤਾ ਨੇ ਦਿੱਤੀ ਅਹਿਮ ਜਾਣਕਾਰੀ ਮਨਦੀਪ ਕੌਰ ਦੇ ਪਿਤਾ, ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਇਸੇ ਸਾਲ 7 ਮਾਰਚ ਨੂੰ ਸਿੱਧਵਾਂ ਬੇਟ ਦੇ ਪਿੰਡ 
ਲੋਧੀਵਾਲ ਦੇ ਅਨਮੋਲ ਜੀਤ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਡੈਲਟਾ ਸ਼ਹਿਰ ਵਿੱਚ ਆਪਣੇ ਸਹੁਰੇ ਪਰਿਵਾਰ ਨਾਲ ਰਹਿਣ ਲੱਗੀ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ 26 ਅਕਤੂਬਰ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਮਨਦੀਪ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸਦੀ ਮੌਤ ਹੋ ਗਈ। ਪਰਿਵਾਰ ਨੇ ਜਲਦੀ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨਦੀਪ ਦੇ ਭਰਾ ਹੈਰੀ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ, ਜਿਸ ਕਾਰਨ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਮਨਦੀਪ ਦਾ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ 16 ਨਵੰਬਰ ਨੂੰ ਕੀਤੀ ਗਈ ਸੀ। ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਡੈਲਟਾ ਪੁਲਸ ਵੱਲੋਂ ਦਰਜ ਕੀਤੀਆਂ ਗਈਆਂ ਸਖ਼ਤ ਧਾਰਾਵਾਂ ਕਾਰਨ ਉਨ੍ਹਾਂ ਦੀ ਧੀ ਨੂੰ ਨਿਆਂ ਮਿਲ ਸਕੇਗਾ।