ਪੰਜਾਬ ਵਿਚ 3 ਜੁਲਾਈ ਨੂੰ ਮਾਨਸੂਨ ਦੀ ਹੋਵੇਗੀ ਐਂਟਰੀ! 14 ਜ਼ਿਲ੍ਹਿਆਂ ਵਿਚ ਮੀਂਹ ਦੀ ਚਿਤਾਵਨੀ

ਪੰਜਾਬ ਵਾਸੀਆਂ ਨੂੰ ਭਿਆਨਕ ਗਰਮੀ ਤੇ ਹੁੰਮਸ ਤੋਂ ਜਲਦੀ ਹੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ਵਿਚ ਮਾਨਸੂਨ 3 ਜੁਲਾਈ ਦੇ ਆਸ-ਪਾਸ ਦਸਤਕ ਦੇ ਸਕਦਾ ਹੈ। ਹਾਲਾਂਕਿ, ਮਾਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੱਕ ਅਗਲੇ 5 ਦਿਨਾਂ ਤੱਕ ਲੋਕਾਂ ਨੂੰ ਚਿਪਚਿਪੀ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ।
ਚੰਡੀਗੜ੍ਹ : ਪੰਜਾਬ ਵਾਸੀਆਂ ਨੂੰ ਭਿਆਨਕ ਗਰਮੀ ਤੇ ਹੁੰਮਸ ਤੋਂ ਜਲਦੀ ਹੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ਵਿਚ ਮਾਨਸੂਨ 3 ਜੁਲਾਈ ਦੇ ਆਸ-ਪਾਸ ਦਸਤਕ ਦੇ ਸਕਦਾ ਹੈ। ਹਾਲਾਂਕਿ, ਮਾਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੱਕ ਅਗਲੇ 5 ਦਿਨਾਂ ਤੱਕ ਲੋਕਾਂ ਨੂੰ ਚਿਪਚਿਪੀ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ।

14 ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਸਮੇਤ 14 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਬੀਤੀ ਰਾਤ ਪਠਾਨਕੋਟ ਵਿੱਚ ਤੇਜ਼ ਮੀਂਹ ਪੈਣ ਦੀ ਵੀ ਖ਼ਬਰ ਹੈ, ਜਿਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ।

ਫਰੀਦਕੋਟ ਰਿਹਾ ਸਭ ਤੋਂ ਗਰਮ
ਸੂਬੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਫਰੀਦਕੋਟ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 45.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਤਾਪਮਾਨ ਆਮ ਨਾਲੋਂ 5.3 ਡਿਗਰੀ ਵੱਧ ਰਿਕਾਰਡ ਹੋਇਆ। ਖਾਸ ਗੱਲ ਇਹ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ 10 ਡਿਗਰੀ ਦਾ ਅੰਤਰ ਰਹਿ ਗਿਆ ਹੈ, ਜਿਸ ਕਾਰਨ ਰਾਤਾਂ ਵੀ ਹੁੰਮਸ ਭਰੀਆਂ ਅਤੇ ਗਰਮ ਹੋ ਗਈਆਂ ਹਨ।

1 ਅਤੇ 2 ਜੁਲਾਈ ਲਈ ‘ਯੈਲੋ ਅਲਰਟ’ ਜਾਰੀ
ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਬਿਜਲੀ ਕੜਕਣ ਅਤੇ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ। 2 ਜੁਲਾਈ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮਾਨਸੂਨ ਦੀ ਰਫ਼ਤਾਰ ਵਧੇਗੀ, ਜਿਸ ਨਾਲ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ।

ਕਦੋਂ ਮਿਲੇਗੀ ਮੁਕੰਮਲ ਰਾਹਤ?
ਮੌਸਮ ਮਾਹਿਰਾਂ ਅਨੁਸਾਰ, 3 ਜੁਲਾਈ ਤੋਂ ਮਾਨਸੂਨ ਦੀ ਮੁੱਖ ਧਾਰਾ ਪੰਜਾਬ ਵਿੱਚ ਪ੍ਰਵੇਸ਼ ਕਰੇਗੀ, ਜਿਸ ਤੋਂ ਬਾਅਦ ਹੀ ਸੂਬੇ ਵਿੱਚ ਚੰਗੀ ਬਾਰਿਸ਼ ਦਾ ਦੌਰ ਸ਼ੁਰੂ ਹੋਵੇਗਾ ਅਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਪੱਕੇ ਤੌਰ 'ਤੇ ਨਿਜਾਤ ਮਿਲੇਗੀ।