Mohali Police ਨੇ ਕੀਤਾ ਅੱਤਵਾਦੀ ਮਡਿਊਲ ਦਾ ਪਰਦਾਫ਼ਾਸ਼, 3 ਵਿਅਕਤੀ ਗ੍ਰਿਫਤਾਰ

ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੋਹਾਲੀ ਪੁਲਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮ ਟੈਕਸੀ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਨਾਲ ਜੁੜੇ ਹੋਏ ਹਨ। ਅਨਿਲ, ਜੋ ਕਿ ਨਯਾਗਾਓਂ ਦਾ ਰਹਿਣ ਵਾਲਾ ਸੀ, ਘਰ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਇੱਕ ਯਾਤਰੀ ਨੂੰ ਲੈਣ ਗਿਆ ਸੀ ਅਤੇ ਉਸ ਤੋਂ ਬਾਅਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਉਸਦੀ ਕਾਰ ਰੋਪੜ ਟੋਲ 'ਤੇ ਦੇਖੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ, ਮੁਨੀਸ਼ ਸਿੰਘ ਅਤੇ ਏਜਾਜ਼ ਅਹਿਮਦ ਵਜੋਂ ਹੋਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।

ਮੋਹਾਲੀ ਵਿੱਚ ਮਿਲੀ ਲਾਸ਼, ਕਾਰ ਕਿਸੇ ਹੋਰ ਜ਼ਿਲ੍ਹੇ ਤੋਂ

ਇਹ ਪਤਾ ਲੱਗਾ ਹੈ ਕਿ ਨੌਜਵਾਨ ਦੀ ਲਾਸ਼ ਮੋਹਾਲੀ ਤੋਂ ਬਰਾਮਦ ਕੀਤੀ ਗਈ ਹੈ, ਜਦੋਂ ਕਿ ਕਾਰ ਪੁਲਸ ਨੇ ਕਿਸੇ ਹੋਰ ਜ਼ਿਲ੍ਹੇ ਤੋਂ ਜ਼ਬਤ ਕੀਤੀ ਹੈ। ਮੁਲਜ਼ਮਾਂ ਤੋਂ ਕਤਲ ਵਿੱਚ ਵਰਤਿਆ ਗਿਆ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਮੁੱਖ ਮੁਲਜ਼ਮ ਸਾਹਿਲ ਬਸ਼ੀਰ ਪਹਿਲਾਂ ਹੀ ਯੂਏਪੀਏ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਦੇ ਭਰਾ ਏਜਾਜ਼ ਅਹਿਮਦ ਨੂੰ ਵੀ ਪਹਿਲਾਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਵੇਂ ਜੈਸ਼-ਏ-ਮੁਹੰਮਦ ਦੇ ਓਵਰਗਰਾਊਂਡ ਵਰਕਰ ਦੱਸੇ ਜਾ ਰਹੇ ਹਨ।