ਲੁਧਿਆਣਾ ਸੈਂਟਰਲ ਜੇਲ੍ਹ 'ਚ ਮੋਬਾਈਲ ਬਰਾਮਦ! ਦੋ ਕੈਦੀਆਂ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਪਾਬੰਦੀਸ਼ੁਦਾ ਸਮੱਗਰੀ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਦੋ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋ ਕੈਦੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ: ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਪਾਬੰਦੀਸ਼ੁਦਾ ਸਮੱਗਰੀ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਦੋ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋ ਕੈਦੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਿਯਮਤ ਚੈਕਿੰਗ ਦੌਰਾਨ ਹੋਇਆ ਖੁਲਾਸਾ
ਕੇਂਦਰੀ ਜੇਲ੍ਹ ਲੁਧਿਆਣਾ ਦੇ ਸਹਾਇਕ ਸੁਪਰਡੈਂਟ ਬਲਿਹਾਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, 27 ਜੁਲਾਈ ਨੂੰ ਜੇਲ੍ਹ ਪਰਿਸਰ ਵਿੱਚ ਨਿਯਮਤ ਚੈਕਿੰਗ ਕੀਤੀ ਜਾ ਰਹੀ ਸੀ। ਇਸ ਤਲਾਸ਼ੀ ਦੌਰਾਨ ਬੰਦੀ ਗੁਰਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ SNEXIAN ਕੰਪਨੀ ਦਾ ਇੱਕ ਕੀਪੈਡ ਮੋਬਾਈਲ ਫ਼ੋਨ, ਬੈਟਰੀ ਅਤੇ ਸਿਮ ਕਾਰਡ ਬਰਾਮਦ ਹੋਇਆ। 

ਲਾਵਾਰਿਸ ਹਾਲਤ 'ਚ ਵੀ ਮਿਲਿਆ ਫ਼ੋਨ
ਇਸੇ ਤਰ੍ਹਾਂ ਚੈਕਿੰਗ ਦੌਰਾਨ ਇੱਕ ਹੋਰ ਕੈਦੀ ਰੋਹਿਤ ਕੁਮਾਰ ਕੋਲੋਂ ਵੀ ਇੱਕ ਕੀਪੈਡ ਫ਼ੋਨ, ਸਿਮ ਕਾਰਡ ਅਤੇ ਬੈਟਰੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ, ਜੇਲ੍ਹ ਕੰਪਲੈਕਸ ਦੀ ਤਲਾਸ਼ੀ ਲੈਂਦੇ ਸਮੇਂ ਇੱਕ ਟੱਚ ਸਕ੍ਰੀਨ ਮੋਬਾਈਲ ਫ਼ੋਨ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ। 

ਪੁਲਿਸ ਵੱਲੋਂ ਮਾਮਲਾ ਦਰਜ
ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਕੈਦੀਆਂ ਗੁਰਪ੍ਰੀਤ ਸਿੰਘ, ਰੋਹਿਤ ਕੁਮਾਰ ਅਤੇ ਇੱਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪ੍ਰਿਜ਼ਨ ਐਕਟ ਦੀ ਧਾਰਾ 52-A(1) ਦੇ ਤਹਿਤ ਕੇਸ ਦਰਜ ਕਰ ਲਿਆ ਹੈ। 

ਕਾਲ ਡਿਟੇਲ ਦੀ ਹੋਵੇਗੀ ਜਾਂਚ
ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਬਰਾਮਦ ਕੀਤੇ ਗਏ ਮੋਬਾਈਲ ਫ਼ੋਨਾਂ ਵਿੱਚ ਵਰਤੇ ਜਾ ਰਹੇ ਸਿਮ ਕਾਰਡ ਕਿਸ ਦੇ ਨਾਂ 'ਤੇ ਰਜਿਸਟਰਡ ਹਨ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰੋਂ ਇਨ੍ਹਾਂ ਫ਼ੋਨਾਂ ਰਾਹੀਂ ਕਿਹੜੇ-ਕਿਹੜੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਸੀ।