CCTV ਫੁਟੇਜ 'ਚ ਦਿਖਿਆ ਦਿੱਲੀ ਧਮਾਕੇ ਦਾ ਮਾਸਟਰਮਾਈਂਡ, ਕਾਲੇ ਮਾਸਕ 'ਚ ਦਿਖਾਈ ਦਿੱਤਾ ਅੱਤਵਾਦੀ ਉਮਰ

ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਧਮਾਕੇ ਤੋਂ ਠੀਕ ਪਹਿਲਾਂ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸਫ਼ੇਦ I-20 ਕਾਰ ਪਾਰਕਿੰਗ ਤੋਂ ਨਿਕਲਦੀ ਦਿਖਾਈ ਦਿੰਦੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਨੇੜੇ ਇੱਕ ਚੱਲਦੀ i20 ਕਾਰ ਵਿੱਚ ਸੋਮਵਾਰ ਸ਼ਾਮ 6:52 ਵਜੇ ਹੋਏ ਜ਼ਬਰਦਸਤ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੱਡੇ ਹਾਦਸੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 2 ਔਰਤਾਂ ਸ਼ਾਮਲ ਹਨ, ਜਦਕਿ 24 ਲੋਕ ਜ਼ਖਮੀ ਹੋਏ ਹਨ।

ਅੱਤਵਾਦੀ ਹਮਲੇ ਦਾ ਸ਼ੱਕ
ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਧਮਾਕੇ ਤੋਂ ਠੀਕ ਪਹਿਲਾਂ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸਫ਼ੇਦ I-20 ਕਾਰ ਪਾਰਕਿੰਗ ਤੋਂ ਨਿਕਲਦੀ ਦਿਖਾਈ ਦਿੰਦੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਸ ਕਾਰ ਵਿੱਚ ਡਾ. ਮੁਹੰਮਦ ਉਮਰ ਨਾਮ ਦਾ ਅੱਤਵਾਦੀ ਮੌਜੂਦ ਸੀ।

ਉਮਰ ਕੌਣ ਹੈ?
ਸ਼ੱਕੀ ਡਾ. ਮੁਹੰਮਦ ਉਮਰ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਹੈ। ਉਸਨੇ 2017 ਵਿੱਚ ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ MBBS ਕੀਤਾ ਸੀ। ਉਹ ਅਲ ਫਲਾਹ ਮੈਡੀਕਲ ਕਾਲਜ ਵਿੱਚ ਡਾਕਟਰ ਸੀ ਅਤੇ ਉਸਦੀ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ। ਪੁਲਸ ਦਾ ਕਹਿਣਾ ਹੈ ਕਿ ਉਮਰ ਫਰੀਦਾਬਾਦ ਮੌਡਿਊਲ ਦਾ ਹਿੱਸਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਹੁਣ ਫਰੀਦਾਬਾਦ ਤੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਮੁਜੰਮਿਲ ਸ਼ਕੀਲ ਅਤੇ ਡਾਕਟਰ ਸ਼ਾਹੀਨ ਸ਼ਾਹਿਦ ਤੋਂ ਵੀ ਪੁੱਛਗਿੱਛ ਕਰ ਰਹੀਆਂ ਹਨ।

CCTV ਫੁਟੇਜ ਅਨੁਸਾਰ, ਧਮਾਕੇ ਵਾਲੀ ਚਿੱਟੇ ਰੰਗ ਦੀ i20 ਕਾਰ ਬਲਾਸਟ ਤੋਂ ਲਗਭਗ ਤਿੰਨ ਘੰਟੇ ਪਹਿਲਾਂ, ਦੁਪਹਿਰ 3:19 ਵਜੇ ਤੋਂ ਸ਼ਾਮ 6:48 ਵਜੇ ਤੱਕ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਪਾਰਕਿੰਗ ਵਿੱਚ ਖੜ੍ਹੀ ਸੀ। ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਡਾ. ਉਮਰ ਲਗਭਗ ਢਾਈ ਤੋਂ ਤਿੰਨ ਘੰਟੇ ਕਾਰ ਦੇ ਅੰਦਰ ਹੀ ਬੈਠਾ ਰਿਹਾ ਅਤੇ ਇੱਕ ਪਲ ਲਈ ਵੀ ਬਾਹਰ ਨਹੀਂ ਨਿਕਲਿਆ। ਜਦੋਂ ਇਹ ਕਾਰ ਪਾਰਕਿੰਗ ਗੇਟ ਤੋਂ ਬਾਹਰ ਨਿਕਲ ਰਹੀ ਸੀ ਤਾਂ ਅੱਤਵਾਦੀ ਉਮਰ ਮਾਸਕ ਲਗਾ ਕੇ ਬੈਠਾ ਦਿਖਾਈ ਦਿੱਤਾ ਅਤੇ ਉਸੇ ਸਮੇਂ ਪਾਰਕਿੰਗ ਗੇਟ 'ਤੇ ਭੁਗਤਾਨ ਕੀਤਾ ਗਿਆ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਮਰ ਜਾਂ ਤਾਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਜਾਂ ਕਿਸੇ ਨਿਰਦੇਸ਼ ਦੀ ਉਡੀਕ ਵਿੱਚ ਸੀ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਇੱਕ ਕਿਲੋਮੀਟਰ ਤੱਕ ਸੁਣਾਈ ਦਿੱਤੀ। ਧਮਾਕੇ ਦੀ ਲਪੇਟ ਵਿੱਚ ਆ ਕੇ ਆਸ-ਪਾਸ ਖੜ੍ਹੀਆਂ 6 ਕਾਰਾਂ, 2 ਈ-ਰਿਕਸ਼ਾ ਅਤੇ 1 ਆਟੋ ਸੜ ਗਏ। ਮਰਨ ਵਾਲਿਆਂ ਦੀ ਉਮਰ 21 ਤੋਂ 58 ਸਾਲ ਦੇ ਵਿਚਕਾਰ ਹੈ। ਜ਼ਖਮੀਆਂ ਨੂੰ ਐਲਐਨਜੇਪੀ (LNJP) ਹਸਪਤਾਲ ਲਿਜਾਇਆ ਗਿਆ। ਦਿੱਲੀ ਪੁਲਸ ਨੇ ਕੋਤਵਾਲੀ ਥਾਣੇ ਵਿੱਚ UAPA (ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ) ਦੀਆਂ ਧਾਰਾਵਾਂ 16 ਅਤੇ 18, ਵਿਸਫੋਟਕ ਐਕਟ, ਅਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਬੁਲਾਈ ਹੈ, ਜਿਸ ਵਿੱਚ ਆਈਬੀ ਮੁਖੀ, ਗ੍ਰਹਿ ਸਕੱਤਰ, ਦਿੱਲੀ ਪੁਲਿਸ ਕਮਿਸ਼ਨਰ ਅਤੇ ਐਨਆਈਏ ਦੇ ਡਾਇਰੈਕਟਰ ਜਨਰਲ ਸ਼ਾਮਲ ਹੋਣਗੇ। ਸ਼ਾਹ ਨੇ ਸਪਾਟ 'ਤੇ ਜਾਣ ਅਤੇ ਹਸਪਤਾਲ ਵਿੱਚ ਜ਼ਖਮੀਆਂ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ ਸੀ।