ਜਾਪਾਨ 'ਚ 7.1 ਤੀਬਰਤਾ ਦੇ ਭੂਚਾਲ ਕਾਰਨ ਭਾਰੀ ਤਬਾਹੀ! 13 ਮੌਤਾਂ, ਕਈ ਅਜੇ ਵੀ ਮਲਬੇ ਹੇਠ ਦਬੇ

ਜਾਪਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਆਏ 7.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਵੱਲੋਂ ਮਲਬੇ ਹੇਠ ਦਬੇ ਲੋਕਾਂ ਨੂੰ ਕੱਢਣ ਲਈ ਬੁੱਧਵਾਰ ਸਵੇਰ ਤੋਂ ਹੀ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ।
ਟੋਕੀਓ : ਜਾਪਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਆਏ 7.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਵੱਲੋਂ ਮਲਬੇ ਹੇਠ ਦਬੇ ਲੋਕਾਂ ਨੂੰ ਕੱਢਣ ਲਈ ਬੁੱਧਵਾਰ ਸਵੇਰ ਤੋਂ ਹੀ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ।

ਸ਼ਾਪਿੰਗ ਮਾਲ ਅਤੇ ਫੈਕਟਰੀਆਂ ਨੂੰ ਪਹੁੰਚਿਆ ਨੁਕਸਾਨ
ਭੂਚਾਲ ਦਾ ਕੇਂਦਰ ਦੱਖਣੀ ਮੁੱਖ ਟਾਪੂ ਕਿਊਸ਼ੂ ਦਾ ਕੁਮਾਮੋਤੋ ਖੇਤਰ ਰਿਹਾ। ਜਾਣਕਾਰੀ ਅਨੁਸਾਰ, ਕਾਸ਼ੀਮਾ ਕਸਬੇ ਵਿੱਚ ਸਥਿਤ 'ਏਓਨ ਮਾਲ' ਦੀ ਦੂਜੀ ਮੰਜ਼ਿਲ ਡਿੱਗਣ ਕਾਰਨ ਕਈ ਲੋਕ ਉੱਥੇ ਫਸ ਗਏ। ਇਸ ਤੋਂ ਇਲਾਵਾ, 'ਨਿੱਪਨ ਪੇਪਰ ਇੰਡਸਟਰੀਜ਼' ਦੀ ਇੱਕ ਫੈਕਟਰੀ ਦੀ ਚਿਮਨੀ ਡਿੱਗਣ ਕਾਰਨ ਵੀ ਕੁਝ ਮਜ਼ਦੂਰਾਂ ਦੇ ਮਲਬੇ ਹੇਠ ਦਬੇ ਹੋਣ ਦੀ ਖ਼ਬਰ ਹੈ। 

ਰੇਲ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ
ਭੂਚਾਲ ਕਾਰਨ ਆਵਾਜਾਈ ਦੇ ਸਾਧਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਯਤਸੁਸ਼ੀਰੋ ਸਟੇਸ਼ਨ 'ਤੇ ਇੱਕ ਟ੍ਰੇਨ ਪਟੜੀ ਤੋਂ ਉਤਰ ਕੇ ਇੱਕ ਪਾਸੇ ਪਲਟ ਗਈ। ਆਸੋ ਕੁਮਾਮੋਤੋ ਹਵਾਈ ਅੱਡੇ ਦਾ ਰਨਵੇਅ ਵੀ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਇਤਿਹਾਸਕ ਕੁਮਾਮੋਤੋ ਕਿਲੇ ਦੀਆਂ ਪੱਥਰ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਦੀ ਮੁਰੰਮਤ 2016 ਦੇ ਭੂਚਾਲ ਤੋਂ ਬਾਅਦ ਅਜੇ ਵੀ ਚੱਲ ਰਹੀ ਸੀ।

ਪ੍ਰਧਾਨ ਮੰਤਰੀ ਵੱਲੋਂ ਮਦਦ ਦਾ ਭਰੋਸਾ
ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਪਾਨ ਦੀ 'ਸੈਲਫ-ਡਿਫੈਂਸ ਫੋਰਸ' ਵੀ ਪ੍ਰਭਾਵਿਤ ਇਲਾਕਿਆਂ ਵਿੱਚ ਭੋਜਨ, ਪਾਣੀ ਅਤੇ ਹੋਰ ਜ਼ਰੂਰੀ ਵਸਤੂਆਂ ਪਹੁੰਚਾਉਣ ਵਿੱਚ ਬਚਾਅ ਕਰਮੀਆਂ ਦੀ ਮਦਦ ਕਰ ਰਹੀ ਹੈ। 

ਪ੍ਰਮਾਣੂ ਪਲਾਂਟ ਸੁਰੱਖਿਅਤ
ਪਰਮਾਣੂ ਰੈਗੂਲੇਸ਼ਨ ਅਥਾਰਟੀ ਅਨੁਸਾਰ, ਨੇੜਲੇ ਤਿੰਨ ਪ੍ਰਮਾਣੂ ਊਰਜਾ ਪਲਾਂਟਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਨਹੀਂ ਪਾਈ ਗਈ, ਜੋ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ। ਹਸਪਤਾਲਾਂ ਵਿੱਚ ਲਗਭਗ 90 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਭੂਚਾਲ ਦੇ ਹੋਰ ਝਟਕਿਆਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।