ਮੁੰਬਈ 'ਚ ਅਨੰਤ ਚਤੁਰਥੀ ਤੋਂ ਪਹਿਲਾਂ ਮਿਲੀ ਬੰਬ ਹਮਲੇ ਦੀ ਧਮਕੀ, ਪੁਲਸ ਅਲਰਟ

ਮੁੰਬਈ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਵਟਸਐਪ ਨੰਬਰ 'ਤੇ ਇੱਕ ਮੈਸੇਜ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 14 ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਦਾਖਲ ਹੋ ਗਏ ਹਨ।

ਮੁੰਬਈ ਪੁਲਸ ਨੂੰ ਇੱਕ ਵੱਡੀ ਧਮਕੀ ਮਿਲੀ ਹੈ। ਪੁਲਸ ਦੇ ਅਨੁਸਾਰ ਮੁੰਬਈ ਟ੍ਰੈਫਿਕ ਪੁਲਸ ਦੇ ਅਧਿਕਾਰਤ ਵਟਸਐਪ ਨੰਬਰ 'ਤੇ ਇੱਕ ਮੈਸੇਜ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 14 ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਦਾਖਲ ਹੋ ਗਏ ਹਨ। ਇਸ ਧਮਕੀ ਵਿੱਚ ਲਿਖਿਆ ਹੈ ਕਿ ਮੁੰਬਈ ਸ਼ਹਿਰ ਵਿੱਚ 34 ਵਾਹਨਾਂ ਵਿੱਚ ਮਨੁੱਖੀ ਬੰਬ ਲਗਾਏ ਗਏ ਹਨ ਅਤੇ 400 ਕਿਲੋਗ੍ਰਾਮ ਆਰਡੀਐਕਸ ਦੀ ਵਰਤੋਂ ਕਰਕੇ ਧਮਾਕੇ ਕੀਤੇ ਜਾਣਗੇ।

ਮੁੰਬਈ ਪੁਲਸ ਨੇ ਇਸ ਗੰਭੀਰ ਖਤਰੇ ਨੂੰ ਲੈ ਕੇ ਪੂਰੇ ਸ਼ਹਿਰ ਅਤੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਮਹੱਤਵਪੂਰਨ ਥਾਵਾਂ 'ਤੇ ਚੌਕਸੀ ਵਧਾ ਰਹੀਆਂ ਹਨ ਅਤੇ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ 'ਲਸ਼ਕਰ-ਏ-ਜੇਹਾਦੀ' ਨਾਮਕ ਅੱਤਵਾਦੀ ਸੰਗਠਨ ਦਾ ਮੈਂਬਰ ਦੱਸਿਆ ਹੈ। ਇਸ ਸੰਗਠਨ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 14 ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰ ਚੁੱਕੇ ਹਨ।


ਸੁਰੱਖਿਆ ਅਧਿਕਾਰੀ ਇਸ ਸਮੇਂ ਧਮਕੀ ਦੀ ਸੱਚਾਈ ਅਤੇ ਕਾਲ ਕਰਨ ਵਾਲੇ ਦੀ ਪਛਾਣ ਦਾ ਪਤਾ ਲਗਾਉਣ ਵਿੱਚ ਲੱਗੇ ਹੋਏ ਹਨ। ਮੁੰਬਈ ਪੁਲਸ ਨੇ ਧਮਕੀ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੂਬੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਹ ਘਟਨਾ ਅਨੰਤ ਚਤੁਰਦਸ਼ੀ ਵਰਗੇ ਵੱਡੇ ਤਿਉਹਾਰ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ, ਜਿਸ ਨੇ ਸੁਰੱਖਿਆ ਪ੍ਰਤੀ ਚੌਕਸੀ ਹੋਰ ਵਧਾ ਦਿੱਤੀ ਹੈ। ਪੁਲਿਸ ਨਾਗਰਿਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ।