ਪਠਾਨਕੋਟ 'ਚ ਮਾਧੋਪੁਰ ਡੈਮ ਟੁੱਟਿਆ, ਫਸੇ ਲੋਕਾਂ ਨੂੰ ਕੱਢਿਆ ਗਿਆ ਬਾਹਰ

50 ਲੋਕ ਵੀ ਫਸੇ ਹੋਏ ਸਨ, ਜਿਨ੍ਹਾਂ ਨੂੰ ਹੁਣ ਰੈਸਕਿਊ ਕਰਕੇ ਬਚਾ ਲਿਆ ਗਿਆ ਹੈ।

ਹੜ੍ਹ ਕਾਰਨ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ ਹੈ। ਜਿਸ ਕਾਰਨ ਡੈਮ ਦਾ ਪਾਣੀ ਸਿੱਧਾ ਰਾਵੀ ਨਦੀ ਵਿੱਚ ਜਾ ਰਿਹਾ ਹੈ ਅਤੇ ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਉੱਥੇ 50 ਲੋਕ ਵੀ ਫਸੇ ਹੋਏ ਸਨ, ਜਿਨ੍ਹਾਂ ਨੂੰ ਹੁਣ ਰੈਸਕਿਊ ਕਰਕੇ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਕਰਮਚਾਰੀ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀ ਖਰਾਬ ਹੋਏ ਗੇਟ ਦੀ ਮੁਰੰਮਤ ਕਰਨ ਆਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਗੇਟ ਟੁੱਟ ਗਿਆ।

ਇਸ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਨੇ ਕਿਹਾ ਕਿ ਮਾਧੋਪੁਰ ਹੈੱਡ ਵਰਕਸ ਦਾ ਇੱਕ ਗੇਟ ਟੁੱਟਣ ਕਾਰਨ ਪਾਣੀ ਸਿੱਧਾ ਰਾਵੀ ਨਦੀ ਵਿੱਚ ਜਾ ਰਿਹਾ ਹੈ। ਲਗਭਗ 50 ਲੋਕ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਹੈ। ਜਦੋਂ ਉਨ੍ਹਾਂ ਨੂੰ ਲਾਪਤਾ ਵਿਅਕਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਜਾ ਸਕਦੀ।