ਲੁਧਿਆਣਾ : ਭਾਰਤ-ਅਮਰੀਕਾ FTA ਦੇ ਵਿਰੋਧ 'ਚ ਕਿਸਾਨਾਂ ਨੇ 3 ਟੋਲ ਪਲਾਜ਼ੇ ਕੀਤੇ ਫ੍ਰੀ

ਲੁਧਿਆਣਾ ਵਿੱਚ ਕਿਸਾਨ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਜਤਾਉਂਦੇ ਹੋਏ ਅੱਜ ਜ਼ਿਲ੍ਹੇ ਦੇ ਤਿੰਨ ਮੁੱਖ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ। ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਅਤੇ ਆਪਣੀਆਂ ਲਟਕੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦੁਪਹਿਰ ਸਮੇਂ ਇਹ ਵੱਡਾ ਪ੍ਰਦਰਸ਼ਨ ਕੀਤਾ।
ਲੁਧਿਆਣਾ: ਲੁਧਿਆਣਾ ਵਿੱਚ ਕਿਸਾਨ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਜਤਾਉਂਦੇ ਹੋਏ ਅੱਜ ਜ਼ਿਲ੍ਹੇ ਦੇ ਤਿੰਨ ਮੁੱਖ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ। ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਅਤੇ ਆਪਣੀਆਂ ਲਟਕੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦੁਪਹਿਰ ਸਮੇਂ ਇਹ ਵੱਡਾ ਪ੍ਰਦਰਸ਼ਨ ਕੀਤਾ।

ਇਨ੍ਹਾਂ ਟੋਲ ਪਲਾਜ਼ਿਆਂ 'ਤੇ ਰਿਹਾ ਅਸਰ
ਜ਼ਿਲ੍ਹੇ ਦੇ ਲਾਡੋਵਾਲ, ਗੁੱਲਾਲ ਅਤੇ ਚੌਕੀਮਾਨ ਟੋਲ ਪਲਾਜ਼ਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟੋਲ ਮੁਕਤ ਰਹੇ। ਇਸ ਨਿਰਧਾਰਿਤ ਸਮੇਂ ਦੌਰਾਨ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਗੁਜ਼ਰਨ ਵਾਲੇ ਸਾਰੇ ਛੋਟੇ-ਵੱਡੇ ਵਾਹਨ ਬਿਨਾਂ ਕੋਈ ਫੀਸ ਦਿੱਤੇ ਆਰਾਮ ਨਾਲ ਲੰਘਦੇ ਰਹੇ। ਪ੍ਰਦਰਸ਼ਨ ਦੌਰਾਨ ਟੋਲ ਪਲਾਜ਼ਿਆਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਉੱਥੋਂ ਲੰਘਣ ਵਾਲੇ ਲੋਕਾਂ ਦੇ ਮੋਬਾਈਲ ਨੰਬਰ ਵੀ ਨੋਟ ਕੀਤੇ ਗਏ।

ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਪਹਿਲ ਦੇ ਰਹੀ ਹੈ ਅਤੇ ਕਿਸਾਨ, ਮਜ਼ਦੂਰ ਤੇ ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਦਾ ਖੇਤੀਬਾੜੀ ਖੇਤਰ 'ਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਅਫਸੋਸ ਜਤਾਇਆ ਕਿ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਪਰ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ।

ਪ੍ਰਸ਼ਾਸਨ ਰਿਹਾ ਮੁਸਤੈਦ
ਸਵੇਰ ਤੋਂ ਹੀ ਕਿਸਾਨ ਸੰਗਠਨਾਂ ਦੇ ਵਰਕਰ ਟੋਲ ਪਲਾਜ਼ਿਆਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਨੂੰ ਸ਼ਾਂਤੀਪੂਰਨ ਬਣਾਈ ਰੱਖਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਕਿਸਾਨ ਵਿਰੋਧੀ ਨੀਤੀਆਂ ਵਾਪਸ ਨਹੀਂ ਲਈਆਂ ਜਾਂਦੀਆਂ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।