LPU Violence Case: 2 ਹੋਰ ਮੁਲਜ਼ਮ ਗ੍ਰਿਫ਼ਤਾਰ, ਗ੍ਰਿਫ਼ਤਾਰੀਆਂ ਦੀ ਗਿਣਤੀ 11 ਹੋਈ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 28 ਸਤੰਬਰ ਨੂੰ ਹੋਏ ਹਿੰਸਕ ਹੰਗਾਮੇ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 28 ਸਤੰਬਰ ਨੂੰ ਹੋਏ ਹਿੰਸਕ ਹੰਗਾਮੇ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਰਾਜਸਥਾਨ ਦੇ ਮੇਹਰਾਟਾ ਵਾਸੀ ਯੋਗੇਸ਼ ਅਪੂਰਵਾ ਅਤੇ ਉੱਤਰ ਪ੍ਰਦੇਸ਼ ਦੇ ਹਾਜੀਪੁਰ ਵਾਸੀ ਆਦਿਤਿਆ ਵਜੋਂ ਹੋਈ ਹੈ।

ਪੁਲਿਸ ਦਾ ਦੋਸ਼ ਹੈ ਕਿ ਦੋਵੇਂ ਨੌਜਵਾਨ ਹਿੰਸਾ ਦੌਰਾਨ ਵਾਹਨਾਂ ਦੀ ਭੰਨਤੋੜ ਵਿੱਚ ਸ਼ਾਮਲ ਸਨ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਵਾਂ ਦੀ ਪਛਾਣ ਕੀਤੀ ਗਈ। ਪੁਲਿਸ ਅੱਜ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ।

ਇਨ੍ਹਾਂ ਦੋ ਗ੍ਰਿਫ਼ਤਾਰੀਆਂ ਤੋਂ ਬਾਅਦ LPU ਹਿੰਸਾ ਮਾਮਲੇ ਵਿੱਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜਦਕਿ ਕਰੀਬ 28 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਫਗਵਾੜਾ ਤੋਂ ਇਲਾਵਾ ਜੰਮੂ ਅਤੇ ਮੁੰਬਈ ਤੋਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਬਾਹਰ ਲੱਗੇ ਮਿਗ-23 ਲੜਾਕੂ ਜਹਾਜ਼ 'ਤੇ ਚੜ੍ਹਨ ਵਾਲੇ ਨੌਜਵਾਨ ਨੂੰ ਵੀ ਮੰਡੀ ਤੋਂ ਕਾਬੂ ਕੀਤਾ ਗਿਆ ਸੀ।

 ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵੇ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ

ਮਾਮਲੇ ਦੀ ਸ਼ੁਰੂਆਤ 26 ਸਤੰਬਰ ਦੀ ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਦਾਅਵੇ ਤੋਂ ਬਾਅਦ ਹੋਈ ਸੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਤ ਵਿਗੜਨ 'ਤੇ ਕੈਂਪਸ ਵਿੱਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਦਕਿ ਕੁਝ ਦੁਕਾਨਾਂ ਵਿੱਚ ਲੁੱਟਪਾਟ ਦੇ ਦੋਸ਼ ਵੀ ਲੱਗੇ।

ਜਲੰਧਰ-ਫਗਵਾੜਾ ਹਾਈਵੇ 'ਤੇ ਵੀ ਪਿਆ ਅਸਰ

ਹੰਗਾਮੇ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਜਲੰਧਰ-ਫਗਵਾੜਾ ਮਾਰਗ ਜਾਮ ਕਰਨ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਹ ਰਸਤਾ ਕਰੀਬ 18 ਘੰਟਿਆਂ ਤੱਕ ਪ੍ਰਭਾਵਿਤ ਰਿਹਾ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮਾਮਲੇ ਦੀ ਜਾਂਚ ਲਈ ਪੁਲਿਸ ਨੇ ਚਾਰ ਐੱਫਆਈਆਰ ਦਰਜ ਕਰਕੇ ਅੱਠ ਮੈਂਬਰੀ ਐਸਆਈਟੀ ਬਣਾਈ ਹੈ। ਸਾਈਬਰ ਕ੍ਰਾਈਮ ਟੀਮ ਵੱਲੋਂ ਭੜਕਾਊ ਅਤੇ ਕਥਿਤ ਫਰਜ਼ੀ AI ਵੀਡੀਓਜ਼ ਨਾਲ ਜੁੜੀਆਂ ਕਰੀਬ 300 ਸੋਸ਼ਲ ਮੀਡੀਆ ਪੋਸਟਾਂ ਹਟਾਉਣ ਦੀ ਕਾਰਵਾਈ ਵੀ ਕੀਤੀ ਗਈ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਵੇਗੀ।