11 ਕਰੋੜ ਦੀ ਲਾਟਰੀ ਟਿਕਟ ਰੱਦੀ ਸਮਝ ਕੂੜੇ 'ਚ ਸੁੱਟੀ! ਸਫਾਈ ਵਾਲਿਆਂ ਨੇ ਫਰੋਲ ਮਾਰਿਆ 6 ਟਨ ਕੂੜਾ ਤੇ ਫਿਰ...

ਕਿਸਮਤ ਕਦੋਂ ਪਲਟ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਟਲੀ ਵਿੱਚ ਇੱਕ ਅਜਿਹਾ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ 11 ਕਰੋੜ ਰੁਪਏ (10 ਲੱਖ ਯੂਰੋ) ਦੀ ਇਨਾਮੀ ਲਾਟਰੀ ਜਿੱਤਣ ਦੇ ਬਾਵਜੂਦ, ਉਸ ਨੂੰ ਬੇਕਾਰ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ। ਹਾਲਾਂਕਿ, ਸਫਾਈ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਸਦਕਾ ਉਸ ਨੂੰ ਇਹ ਟਿਕਟ ਵਾਪਸ ਮਿਲ ਗਿਆ ਹੈ।
ਰੋਮ : ਕਿਸਮਤ ਕਦੋਂ ਪਲਟ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਟਲੀ ਵਿੱਚ ਇੱਕ ਅਜਿਹਾ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ 11 ਕਰੋੜ ਰੁਪਏ (10 ਲੱਖ ਯੂਰੋ) ਦੀ ਇਨਾਮੀ ਲਾਟਰੀ ਜਿੱਤਣ ਦੇ ਬਾਵਜੂਦ, ਉਸ ਨੂੰ ਬੇਕਾਰ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ। ਹਾਲਾਂਕਿ, ਸਫਾਈ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਸਦਕਾ ਉਸ ਨੂੰ ਇਹ ਟਿਕਟ ਵਾਪਸ ਮਿਲ ਗਿਆ ਹੈ।

ਤਕਨੀਕੀ ਖਰਾਬੀ ਕਾਰਨ ਹੋਇਆ ਭੁਲੇਖਾ  
ਜਾਣਕਾਰੀ ਅਨੁਸਾਰ, ਮਹਿਲਾ ਨੇ ਮਸ਼ੀਨ ਰਾਹੀਂ ਆਪਣਾ ਟਿਕਟ ਚੈੱਕ ਕੀਤਾ ਸੀ, ਪਰ ਤਕਨੀਕੀ ਗੜਬੜੀ ਕਾਰਨ ਉਸ ਨੂੰ ਲੱਗਿਆ ਕਿ ਟਿਕਟ 'ਤੇ ਕੋਈ ਇਨਾਮ ਨਹੀਂ ਨਿਕਲਿਆ। ਇਸ ਤੋਂ ਬਾਅਦ ਉਸ ਨੇ ਟਿਕਟ ਨੂੰ ਕੂੜੇ ਵਿੱਚ ਸੁੱਟ ਦਿੱਤਾ। ਜਦੋਂ ਉਸ ਨੇ ਘਰ ਜਾ ਕੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਦੁਬਾਰਾ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਹ ਟਿਕਟ ਅਸਲ ਵਿੱਚ ਜੇਤੂ ਸੀ ਅਤੇ ਉਸ 'ਤੇ ਕਰੋੜਾਂ ਦਾ ਇਨਾਮ ਨਿਕਲਿਆ ਹੈ।

6 ਟਨ ਕੂੜਾ ਫਰੋਲਿਆ  
ਜਦੋਂ ਮਹਿਲਾ ਵਾਪਸ ਉਸ ਦੁਕਾਨ 'ਤੇ ਪਹੁੰਚੀ, ਉਦੋਂ ਤੱਕ ਨਗਰ ਨਿਗਮ ਦੀ ਗੱਡੀ ਕੂੜਾ ਚੁੱਕ ਕੇ ਲਿਜਾ ਚੁੱਕੀ ਸੀ। ਇਸ ਤੋਂ ਬਾਅਦ ਸਥਾਨਕ ਕੂੜਾ ਪ੍ਰਬੰਧਨ ਕੰਪਨੀ SANB ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਕੰਪਨੀ ਦੇ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਟਰੱਕ ਦੀ ਪਛਾਣ ਕੀਤੀ ਜਿਸ ਵਿੱਚ ਕੂੜਾ ਲਿਜਾਇਆ ਗਿਆ ਸੀ। ਸਫਾਈ ਕਰਮਚਾਰੀਆਂ ਨੇ ਕਰੀਬ 6 ਟਨ ਕੂੜੇ ਵਿੱਚ ਘੰਟਿਆਂ ਤੱਕ ਤਲਾਸ਼ੀ ਲਈ ਅਤੇ ਅਖੀਰ ਟਿਕਟ ਲੱਭ ਲਿਆ।

ਖੁਸ਼ੀ ਵਿੱਚ ਰੋ ਪਈ ਮਹਿਲਾ  
ਜਿਵੇਂ ਹੀ ਅਧਿਕਾਰੀਆਂ ਨੇ ਮਹਿਲਾ ਨੂੰ ਦੱਸਿਆ ਕਿ ਉਸ ਦਾ ਟਿਕਟ ਮਿਲ ਗਿਆ ਹੈ, ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਝੂ ਆ ਗਏ। ਮਹਿਲਾ ਨੇ ਸਫਾਈ ਕਰਮਚਾਰੀਆਂ ਅਤੇ ਕੂੜਾ ਪ੍ਰਬੰਧਨ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਵੱਲੋਂ ਇਨ੍ਹਾਂ ਸਫਾਈ ਕਰਮਚਾਰੀਆਂ ਦੀ ਇਮਾਨਦਾਰੀ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਮਹੱਤਵਪੂਰਨ ਦਸਤਾਵੇਜ਼ ਨੂੰ ਸੁੱਟਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ।